ਕਣਕ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਸਬੰਧਤ ਕੰਮ ਮੁਕੰਮਲ ਕਰ ਲਏ ਜਾਣ-ਹਰਬੀਰ ਸਿੰਘ
ਕਿਸਾਨਾਂ ਨੂੰ ਕਣਕ ਦੇ ਮੰਡੀਕਰਣ ਵਿਚ ਕਿਸੇ ਕਿਸਮ ਦੀ ਨਹੀਂ ਆਉਣ ਦਿੱਤੀ ਜਾਵੇਗੀ ਪਰੇਸ਼ਾਨੀ
5 ਲੱਖ 12 ਹਜ਼ਾਰ 779 ਮੀਟਰਕ ਟਨ ਕਣਕ ਖਰੀਦ ਕਰਨ ਦਾ ਮਿਥਿਆ ਗਿਆ ਟੀਚਾ
ਕਣਕ ਦੀ ਖਰੀਦ ਲਈ ਕੀਤੀ ਵਿਸ਼ੇਸ਼ ਮੀਟਿੰਗ
ਫਰੀਦਕੋਟ, 4 ਮਾਰਚ (ਗੁਰਮੀਤ ਸਿੰਘ ਬਰਾੜ) :- ਕਣਕ ਦੀ ਖਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਨੇ ਅੱਜ ਆਪਣੇ ਦਫ਼ਤਰ ਵਿਖੇ ਖਰੀਦ ਏਜੰਸੀਆਂ, ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਖਰੀਦ ਏਜੰਸੀਆਂ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਰਾਜਦੀਪ ਸਿੰਘ ਬਰਾੜ ਅਤੇ ਐਸ.ਡੀ.ਐਮ. ਫਰੀਦਕੋਟ ਮੈਡਮ ਬਲਜੀਤ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਹਰਬੀਰ ਸਿੰਘ ਨੇ ਖੁਰਾਕ ਤੇ ਸਿਵਲ ਸਪਲਾਈ , ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਣਕ ਦੀ ਖਰੀਦ ਨੂੰ ਨਿਰਵਿਘਣ ਅਤੇ ਸੁਚਾਰੂ ਢੰਗ ਨਾਲ ਕਰਨ ਲਈ ਆਪਣੇ ਆਪਣੇ ਵਿਭਾਗਾਂ ਨਾਲ ਸਬੰਧਤ ਕੰਮ ਮੁਕੰਮਲ ਕਰ ਲੈਣ ਤਾਂ ਜੋ ਮੰਡੀਆਂ ਵਿਚ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਲਈ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ ਜਿਸ ਦੇ ਲਈ ਸਮੁੱਚੇ ਵਿਭਾਗ ਹੁਣ ਤੋਂ ਹੀ ਕਮਰਕੱਸੇ ਕਰ ਲੈਣ। ਉਨ੍ਹਾਂ ਨੇ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਵੀ ਸਰਕਾਰ ਦੇ ਨਿਯਮਾਂ ਤਹਿਤ ਸਮੇਂ ਸਿਰ ਕਰਨ ਲਈ ਕਿਹਾ।ਉਨ੍ਹਾਂ ਦੱਸਿਆ ਕਿ ਖਰੀਦ ਕੀਤੀ ਗਈ ਕਣਕ ਦੀ ਲਿਫਟਿੰਗ ਵੀ ਨਾਲੋਂ ਨਾਲ ਕੀਤੀ ਜਾਵੇ। ਉਨ੍ਹਾਂ ਜ਼ਿਲ੍ਹਾਂ ਮੰਡੀ ਅਫਸਰ ਨੂੰ ਕਿਹਾ ਕਿ ਖਰੀਦ ਕੇਂਦਰਾਂ ਵਿਚ ਬਿਜਲੀ, ਪਾਣੀ, ਕਣਕ ਸਾਫ਼ ਕਰਨ ਵਾਲੇ ਪੱਖੇ, ਤਰਪਾਲਾਂ ਆਦਿ ਦੇ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 5 ਲੱਖ 12 ਹਜ਼ਾਰ 779 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ ਜਦ ਕਿ ਇਸ ਸਾਲ ਵੀ 5 ਲੱਖ 12 ਹਜ਼ਾਰ 779 ਮੀਟਰਕ ਟਨ ਕਣਕ ਖਰੀਦ ਕਰਨ ਦਾ ਟੀਚਾ ਮਿਥਿਆ ਗਿਆ ਹੈ।ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ਦੇ ਕੰਮਾਂ ਵਿੱਚ ਕੁਤਾਹੀ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਖੁਰਾਕ ਤੇ ਸਪਲਾਈਜ਼ ਕੰਟਰੋਲਰ ਸ੍ਰੀਮਤੀ ਜਸਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾਂ ਫਰੀਦਕੋਟ ਦੀਆਂ ਮੰਡੀਆਂ ਵਿਚ 68 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ। ਜਿਸ ਵਿਚ ਫਰੀਦਕੋਟ ਦੇ 31, ਕੋਟਕਪੂਰਾ ਦੇ 16 ਅਤੇ ਜੈਤੋ ਦੇ 21 ਖਰੀਦ ਕੇਂਦਰ ਸ਼ਾਮਿਲ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਦੇ ਧਿਆਨ ਹਿੱਤ ਲਿਆਂਦਾ ਕਿ ਕਣਕ ਦੀ ਖਰੀਦ ਢੋਆ ਢੁਆਈ ਅਤੇ ਲੇਬਰ ਆਦਿ ਦੇ ਟੈਂਡਰਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਡੀ.ਆਰ.ਓ ਸ. ਸੁਖਰਾਜ ਸਿੰਘ ਢਿੱਲੋਂ, ਜਿਲਾ ਮੰਡੀ ਅਫਸਰ ਸ੍ਰੀ ਸਲੋਧ ਕੁਮਾਰ, ਤਹਿਸੀਲਦਾਰ ਫਰੀਦਕੋਟ ਸ. ਸੁਖਚਰਨ ਸਿੰਘ ਚੰਨੀ, ਤਹਿਸੀਲਦਾਰ ਕੋਟਕਪੂਰਾ ਬੇਅੰਤ ਸਿੰਘ ਸਿੱਧੂ, ਨਾਇਬ ਤਹਿਸੀਲਦਾਰ ਜੈਤੋ ਸ. ਕਮਲਦੀਪ ਸਿੰਘ ਤੋਂ ਇਲਾਵਾ ਮਾਰਕਫੈੱਡ, ਪਨਸਪ,ਐਫ.ਸੀ.ਆਈ ਅਤੇ ਵੇਅਰਹਾਊਸ ਖਰੀਦ ਏਜੰਸੀਆਂ ਦੇ ਡੀ.ਐਮਜ਼ ਹਾਜ਼ਰ ਸਨ।