*ਕਰਿਆਨੇ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ*
*ਬੇਪਰਵਾਹ ਚੋਰਾਂ ਨੇ ਦੁਕਾਨ ‘ਚੋਂ ਨੂਡਲਜ਼ ਦੇ ਪੈਕੇਟ ਕੱਢ ਕਿ ਘਰ ‘ਚ ਹੀ ਨਿਊਡਲ ਬਣਾ ਕੇ ਖਾਧੇ *
ਜੰਡਿਆਲਾ ਗੁਰੂ, 16 ਅਪ੍ਰੈਲ (ਪਿੰਕੂ ਆਨੰਦ, ਸੰਜੀਵ ਸੂਰੀ) ਜੰਡਿਆਲਾ ਗੁਰੂ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਦਿਨ ਬ ਦਿਨ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਆਮ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਜੰਡਿਆਲਾ ਗੁਰੂ ਦੇ ਨਜ਼ਦੀਕ ਪਿੰਡ ਗੁੰਨੋਵਾਲ ਦੇ ਵਸਨੀਕ ਪਰਮਜੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਵਿਸਾਖੀ ਦਿਹਾੜੇ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਦਰਸ਼ਨਾਂ ਨੂੰ ਗਏ ਹੋਏ ਸਨ। ਬੀਤੀ ਦੇਰ ਰਾਤ ਯਾਤਰਾ ਤੋਂ ਜਦੋਂ ਉਹ ਆਪਣੇ ਘਰ ਪਰਤੇ ਤਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਚੋਰਾਂ ਨੇ ਘਰ ਵਿੱਚ ਪਈ ਅਲਮਾਰੀ ਦੇ ਤਾਲੇ ਤੋੜ ਕੇ ਉਸ ਵਿੱਚ ਪਈ ਅੱਧਾ ਤੋਲੇ ਦੀ ਸੋਨੇ ਦੀ ਮੁੰਦਰੀ ਚੋਰੀ ਕਰ ਲਈ।ਪੀੜਤ ਨੇ ਅੱਗੇ ਦੱਸਿਆ ਕਿ ਸਾਡੇ ਘਰ ਦੇ ਬਾਹਰ ਵਾਲੀ ਸਾਈਡ ‘ਤੇ ਕਰਿਆਨੇ ਦੀ ਦੁਕਾਨ ਹੈ।ਚੋਰਾਂ ਵੱਲੋਂ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਦੁਕਾਨ ਵਿੱਚੋਂ ਕਰੀਬ 1800 ਰੁਪਏ ਦੀ ਨਕਦੀ ਵੀ ਚੋਰੀ ਕਰ ਲਈ।ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਬਾਹਰਲੇ ਦਰਵਾਜ਼ੇ ਦੇ ਖੱਬੇ ਪਾਸੇ ਤੋਂ 2 ਤੋਂ 3 ਫੁੱਟ ਤੱਕ ਇੱਟਾਂ ਲਾ ਕੇ ਉਸ ਨੂੰ ਆਰਜ਼ੀ ਤੌਰ ‘ਤੇ ਬੰਦ ਕੀਤਾ ਹੋਇਆ ਸੀ ਜਿਸ ਰਾਹੀਂ ਚੋਰ ਇਟਾਂ ਨੂੰ ਪਾਸੇ ਕਰਕੇ ਘਰ ਅੰਦਰ ਦਾਖਲ ਹੋ ਗਏ।।ਇੰਨਾ ਹੀ ਨਹੀਂ ਬੇਪਰਵਾਹ ਚੋਰਾਂ ਨੇ ਦੁਕਾਨ ‘ਚੋਂ ਨੂਡਲਜ਼ ਦੇ ਪੈਕੇਟ ਕੱਢ ਕਿ ਘਰ ‘ਚ ਹੀ ਨਿਊਡਲ ਬਣਾ ਕੇ ਖਾਧੇ।ਇਸ ਚੋਰੀ ਦੀ ਪਿੰਡ ‘ਚ ਕਾਫੀ ਚਰਚਾ ਹੈ।ਪੀੜਤ ਦਾ ਕਹਿਣਾ ਹੈ ਕਿ ਉਸ ਨੂੰ ਕਿਸੇ ਆਪਣੇ ਹੀ ਪਿੰਡ ‘ਚ ਲੋਕਾਂ ਤੇ ਸ਼ੱਕ ਹੈ ਜਿਨ੍ਹਾਂ ਨੇ ਚੋਰੀ ਕੀਤੀ ਹੈ। ਜਿਸ ਦੀ ਸੂਚਨਾ ਥਾਣਾ ਜੰਡਿਆਲਾ ਗੁਰੂ ਨੂੰ ਲਿਖਿਤ ਤੌਰ ਤੇ ਦੇ ਦਿੱਤੀ ਗਈ ਹੈ।