ਚੰਡੀਗੜ , 31 ਮਈ – ( ਪੰਜਾਬ ਡਾਇਰੀ ) ਜੰਮੂ-ਕਸ਼ਮੀਰ ‘ਚ ਇਕ ਵਾਰ ਫਿਰ ਅੱਤਵਾਦੀਆਂ ਦੀ ਕਾਇਰਤਾ ਭਰੀ ਹਰਕਤ ਸਾਹਮਣੇ ਆਈ ਹੈ। ਕੁਲਗਾਮ ਜ਼ਿਲੇ ਦੇ ਗੋਪਾਲਪੋਰਾ ਇਲਾਕੇ ‘ਚ ਇਕ ਹਾਈ ਸਕੂਲ ਦੀ ਹਿੰਦੂ ਮਹਿਲਾ ਟੀਚਰ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਗੋਲੀ ਲੱਗਣ ਨਾਲ ਮਹਿਲਾ ਅਧਿਆਪਕ ਗੰਭੀਰ ਜ਼ਖ਼ਮੀ ਹੋ ਗਈ। ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।
ਸੂਚਨਾ ਮਿਲਦੇ ਹੀ ਪੁਲਿਸ ਅਤੇ ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਗਏ ਅਤੇ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ। ਅੱਤਵਾਦੀ ਦੀ ਭਾਲ ਜਾਰੀ ਹੈ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਕੁਲਗਾਮ ਦੇ ਗੋਪਾਲਪੋਰਾ ਇਲਾਕੇ ‘ਚ ਅੱਤਵਾਦੀਆਂ ਨੇ ਇਕ ਅਧਿਆਪਕ ‘ਤੇ ਗੋਲੀਬਾਰੀ ਕੀਤੀ। ਅਧਿਆਪਕ ਦੀ ਪਛਾਣ ਰਜਨੀ ਪਤਨੀ ਰਾਜ ਕੁਮਾਰ ਵਜੋਂ ਹੋਈ ਹੈ। ਉਹ ਜੰਮੂ ਡਿਵੀਜ਼ਨ ਦੇ ਜ਼ਿਲ੍ਹਾ ਸਾਂਬਾ ਦੀ ਰਹਿਣ ਵਾਲੀ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਘਿਨਾਉਣੇ ਅੱਤਵਾਦੀ ਅਪਰਾਧ ਵਿੱਚ ਸ਼ਾਮਲ ਅੱਤਵਾਦੀਆਂ ਦੀ ਜਲਦੀ ਹੀ ਪਛਾਣ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ।
ਉਮਰ ਅਬਦੁੱਲਾ ਨੇ ਦੁੱਖ ਪ੍ਰਗਟ ਕਰਦਿਆਂ ਸਰਕਾਰ ਨੂੰ ਘੇਰਿਆ
ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਅਧਿਆਪਕ ਦੀ ਹੱਤਿਆ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਮਰ ਅਬਦੁੱਲਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ, ‘ਬਹੁਤ ਦੁਖੀ। ਬੇਕਸੂਰ ਨਾਗਰਿਕਾਂ ‘ਤੇ ਹਾਲ ਹੀ ਦੇ ਹਮਲਿਆਂ ਦੀ ਇੱਕ ਲੰਬੀ ਸੂਚੀ ਵਿੱਚ ਇਹ ਇੱਕ ਹੋਰ ਨਿਸ਼ਾਨਾ ਕਤਲ ਹੈ। ਨਿੰਦਾ ਅਤੇ ਸ਼ੋਕ ਦੇ ਸ਼ਬਦ ਖੋਖਲੇ ਹੁੰਦੇ ਜਾ ਰਹੇ ਹਨ।