ਕਾਂਵੜੀਆਂ ‘ਤੇ ਪੁਲਿਸ ਵੱਲੋਂ ਕਥਿਤ ਤੌਰ ‘ਤੇ ਲਾਠੀਚਾਰਜ, 4 ਜ਼ਖਮੀ
ਮੋਗਾ, 15 ਜੁਲਾਈ (ਬਾਬੂਸ਼ਾਹੀ)- ਮੋਗਾ ਦੇ ਕਸਬਾ ਬਾਘਾ ਪੁਰਾਣਾ ਵਿਚ ਕਾਂਵੜੀਆਂ ਤੇ ਪੁਲਿਸ ਦੇ ਵਲੋਂ ਕਥਿਤ ਤੌਰ ‘ਤੇ ਲਾਠੀਚਾਰਜ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ, ਕਾਂਵੜੀਏ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪੈਦਲ ਵਾਪਸ ਆ ਰਹੇ ਸਨ ਅਤੇ ਜਦੋਂ ਉਹ ਕੋਟਕਪੁਰਾ ਬਾਈਪਾਸ ਲਾਗੇ ਪੁੱਜੇ ਤਾਂ, ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮਾਂ ਦੇ ਵਲੋਂ ਕਾਂਵੜੀਆਂ ‘ਤੇ ਗੱਡੀ ਚੜ੍ਹਾ ਦਿੱਤੀ ਗਈ, ਜਿਸ ਕਾਰਨ ਚਾਰ ਕਾਂਵੜੀਏ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਕਾਂਵੜੀਆਂ ਨੇ ਗੁੱਸੇ ਵਿਚ ਆ ਕੇ ਪੁਲਿਸ ਮੁਲਾਜ਼ਮਾਂ ਦੀ ਗੱਡੀ ਭੰਨ ਦਿੱਤੀ ਤੇ ਉਹਦੀ ਕੁੱਟਮਾਰ ਕੀਤੀ।
ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਮਾਤਰਾ ਵਿਚ ਪੁਲਿਸ ਮੌਕੇ ਤੇ ਪਹੁੰਚ ਗਈ, ਜਿਨ੍ਹਾਂ ਵਲੋਂ ਕਾਂਵੜੀਆਂ ਤੇ ਲਾਠੀਚਾਰਜ ਕਰ ਦਿੱਤਾ ਗਿਆ ਅਤੇ ਪੁਲਿਸ ਤੇ ਦੋਸ਼ ਹੈ ਕਿ, ਉਨ੍ਹਾਂ ਨੇ ਹਵਾਈ ਫਾਇਰ ਵੀ ਕੀਤੇ। ਹਾਲਾਂਕਿ ਇਸ ਮਾਮਲੇ ਵਿਚ ਕੀ ਸਚਾਈ ਹੈ, ਇਸ ਦਾ ਪਤਾ ਲੱਗਦਾ ਹਾਲੇ ਬਾਕੀ ਹੈ, ਪਰ ਭਾਜਪਾ ਤੋਂ ਇਲਾਵਾ ਹਿੰਦੂ ਜਥੇਬੰਦੀਆਂ ਨੇ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕੀਤੀ ਹੈ ਅਤੇ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।