ਕਿਰਤ ਵਿਭਾਗ ਵੱਲੋਂ ਬਾਲ ਤੇ ਕਿਸ਼ੋਰ ਮਜ਼ਦੂਰੀ ਦੇ ਖਾਤਮੇ ਲਈ ਮੀਟਿੰਗ ਦਾ ਆਯੋਜਨ
ਫਰੀਦਕੋਟ 26 ਮਈ (ਪੰਜਾਬ ਡਾਇਰੀ) ਕਿਰਤ ਵਿਭਾਗ ਵੱਲੋਂ ਬਾਲ ਤੇ ਕਿਸ਼ੋਰ ਮਜ਼ਦੂਰੀ ਦੇ ਖਾਤਮੇ ਲਈ ਸਟੇਟ ਐਕਸ਼ਨ ਮਹੀਨਾ ਜੂਨ 2023 ਮਨਾਉਣ ਲਈ ਮੀਟਿੰਗ ਦਾ ਆਯੋਜਨ ਵਧੀਕ ਡਿਪਟੀ ਕਮਿਸ਼ਨਰ ਸ. ਰਾਜਪਾਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਿਆਂ ਅੰਦਰ ਗਠਿਤ ਕੀਤੀ ਟਾਸਕ ਫੋਰਸ ਦੇ ਮੈਂਬਰਾਂ ਨੂੰ ਮੁਸਤੈਦੀ ਨਾਲ ਕੰਮ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਇਸ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ ਤਾਂ ਜੋ ਕੰਮ ਤੇ ਲੱਗੇ ਬਾਲ ਤੇ ਕਿਸ਼ੋਰ ਮਜ਼ਦੂਰਾਂ ਨੂੰ ਸਕੂਲ ਭੇਜ਼ ਕੇ ਉਨ੍ਹਾਂ ਦੇ ਭਵਿੱਖ ਨੂੰ ਸੰਵਾਰਿਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਟਾਸਕ ਫੋਰਸ ਨੂੰ ਆਉਂਦੀਆਂ ਮੁਸ਼ਕਿਲਾਂ ਵੀ ਸੁਣੀਆਂ ਗਈਆਂ। ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਸਮੂਹ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿਸ਼ੇਸ਼ ਕਰਕੇ ਟੀ-ਸਟਾਲ, ਢਾਬੇ, ਹਲਵਾਈ ਅਤੇ ਰੈਸਟੋਰੈਂਟ ਦੇ ਮਾਲਕਾਂ ਨੂੰ 14 ਸਾਲ ਤੋਂ ਘੱਟ ਦੇ ਬੱਚਿਆਂ ਤੋਂ ਮਜਦੂਰੀ ਨਾ ਕਰਵਾਉਣ ਸਬੰਧੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਜਿਹਾ ਪਾਇਆ ਗਿਆ ਤਾਂ ਸਬੰਧਤ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜਿਲ੍ਹਾ ਟਾਸਕ ਫੋਰਸ ਦੇ ਮੈਂਬਰਾਂ ਨੇ ਬਾਲ ਮਜਦੂਰੀ ਖਿਲਾਫ ਸਟੇਟ ਐਕਸ਼ਨ ਮਹੀਨਾ ਪੂਰੀ ਦ੍ਰਿੜਤਾ ਨਾਲ ਮਨਾਉਣ ਦਾ ਪ੍ਰਣ ਲਿਆ। ਇਸ ਮੌਕੇ ਸ਼੍ਰੀ ਅਮਨਦੀਪ ਸਿੰਘ ਡੀ.ਸੀ.ਪੀ.ਓ., ਲੇਬਰ ਇੰਸਪੈਕਟਰ ਸ਼੍ਰੀ ਰੰਜੀਵ ਸੋਢੀ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।