ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਦਰਜ ਪਰਚਾ ਰੱਦ ਕਰਨ ਤੇ ਹਰ ਖੇਤ ਤੱਕ ਨਹਿਰੀ ਪਾਣੀ ਦੇਣ ਦੀ ਮੰਗ-ਕਿਰਤੀ ਕਿਸਾਨ ਯੂਨੀਅਨ
ਫਰੀਦਕੋਟ, 16 ਜੂਨ (ਪੰਜਾਬ ਡਾਇਰੀ)- ਕਿਰਤੀ ਕਿਸਾਨ ਯੂਨੀਅਨ ਨੇ ਜਥੇਬੰਦੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਕੋਟਕਪੂਰਾ ਪੁਲਿਸ ਵੱਲੋ ਦਰਜ ਪਰਚੇ ਦੀ ਨਿਖੇਧੀ ਕਰਦਿਆਂ ਕਿਹਾ ਕੇ “ਹਰ ਖੇਤ ਤੱਕ ਨਹਿਰੀ ਪਾਣੀ ਤੇ ਹਰ ਘਰ ਤੱਕ ਪੀਣਯੋਗ ਪਾਣੀ” ਲਈ ਸੰਘਰਸ਼ ਜਾਰੀ ਰਹੇਗਾ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਸੂਬਾ ਪ੍ਰੈਸ ਸਕੱਤਰ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕੇ ਹਰੀਨੌ ਪਿੰਡ ਦੇ 1900 ਏਕੜ ਰਕਬੇ ਨੂੰ ਸਿੰਜਣ ਵਾਲੇ ਦੋ ਮੋਘਿਆਂ ਦਾ ਸਾਈਜ ਜੋ ਪਿਛਲੇ 26 ਸਾਲਾਂ ਤੋ ਚੱਲ ਰਿਹਾ ਸੀ।ਓੁਸਨੂੰ ਨਹਿਰੀ ਵਿਭਾਗ ਵੱਲੋਂ ਘਟਾ ਦਿੱਤਾ ਗਿਆ ਤੇ ਮੋਘੇ ਕੋਟਕਪੂਰਾ ਰਾਜਬਾਹਾ ਤੋ ਡੇਢ ਫੁੱਟ ਓੁੱਪਰ ਚੁੱਕ ਦਿੱਤੇ ਜਿਸ ਨਾਲ 26 ਸਾਲ ਤੋ ਮਿਲ ਰਿਹਾ ਨਹਿਰੀ ਪਾਣੀ ਨਾ ਮਾਤਰ ਰਹਿ ਗਿਆ ਤੇ ਇਸ ਬਾਬਤ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਇੱਕ ਸਾਲ ਪਹਿਲਾਂ ਜਥੇਬੰਦੀ ਵੱਲੋ ਮੰਗ ਪੱਤਰ ਦੇਕੇ ਨਹਿਰੀ ਪਾਣੀ ਨਾ ਖੋਹਣ ਤੇ ਮੋਘਿਆਂ ਦਾ 26 ਸਾਲ ਚਲ ਰਿਹਾ ਸਾਈਜ ਬਹਾਲ ਕਰਨ ਬਾਬਤ ਕਿਹਾ ਸੀ।ਪਰ ਨਹਿਰੀ ਵਿਭਾਗ ਨਹਿਰੀ ਪਾਣੀ ਖੋਹਣ ਲਈ ਬਜਿੱਦ ਸੀ। ਜਦੋਂ ਕਿਸਾਨਾਂ ਨੇ ਮੋਘੇ ਦੀ ਥਾਂ ਪਹਿਲਾਂ ਵਾਲੀ ਕਰ ਦਿੱਤੀ ਜੋ 26 ਸਾਲ ਤੋ ਚੱਲ ਰਹੀ ਸੀ ਤਾਂ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਸੈੰਕੜੇ ਕਿਸਾਨਾਂ ਤੇ ਪਰਚਾ ਦਰਜ ਕਰ ਲਿਆ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਸੂਬਾ ਪ੍ਰੈਸ ਸਕੱਤਰ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕੇ ਪੰਜਾਬ ਵਿੱਚ ਪਾਣੀ ਦਾ ਸੰਕਟ ਬੇਹੱਦ ਗੰਭੀਰ ਹੋ ਚੁੱਕਾ ਹੈ। ਧਰਤੀ ਹੇਠੋ ਹੋਰ ਪਾਣੀ ਕੱਢਣਾ ਬਹੁਤ ਖਤਰਨਾਕ ਸਾਬਿਤ ਹੋਵੇਗਾ,ਇਸ ਨਾਲ ਪੰਜਾਬ ਰੇਗਿਸਤਾਨ ਬਣ ਜਾਵੇਗਾ। ਇਸ ਸਥਿਤੀ ਤੋ ਬਚਣ ਲਈ ਹਰ ਖੇਤ ਤੱਕ ਨਹਿਰੀ ਪਾਣੀ ਚਾਹੀਦਾ ਹੈ, ਪਰ ਭਗਵੰਤ ਮਾਨ ਸਰਕਾਰ ਨਹਿਰੀ ਪਾਣੀ ਦੇਣ ਦੇ ਜੋ ਦਾਅਵੇ ਕਰ ਰਹੀ ਹੈ।ਓੁਸ ਲਈ ਪੰਜਾਬ ਦੇ ਦਰਿਆਈ ਪਾਣੀਆਂ ਦੀ ਮਾਲਕੀ ਲੈਣ ਲਈ ਸੰਘਰਸ਼ ਕਰਨ ਦੀ ਬਜਾਇ ਜਿਹਨਾਂ ਖੇਤਾਂ ਨੂੰ ਹੁਣ ਤੱਕ ਨਹਿਰੀ ਪਾਣੀ ਮਿਲ ਰਿਹਾ ਸੀ।ਓੁਸ ਚੋ ਭਾਰੀ ਕਟੌਤੀ ਕਰ ਕੇ ਬਾਕੀ ਇਲਾਕਿਆਂ ਚ ਪਾਣੀ ਦੇਣ ਦੀਆਂ ਸਕੀਮਾਂ ਬਣਾ ਰਹੀ ਹੈ।ਜਿਸ ਨਾਲ ਸਭ ਨੂੰ ਚੁਲੀ ਚੁਲੀ ਪਾਣੀ ਤਾਂ ਮਿਲ ਸਕਦਾ ਪਰ ਇਸ ਨਾਲ ਪਾਣੀ ਦਾ ਸੰਕਟ ਹੱਲ ਨਹੀ ਬਲਕਿ ਹੋਰ ਗੰਭੀਰ ਹੋਵੇਗਾ।
ਕਿਰਤੀ ਕਿਸਾਨ ਯੂਨੀਅਨ ਨੇ ਕਿਹਾ ਜਥੇਬੰਦੀ ਵੱਲੋ ਪਾਣੀਆਂ ਲਈ ਵਿੱਢਿਆ ਸੰਘਰਸ਼ ਕਿਸੇ ਵੀ ਪਰਚੇ ਦੇ ਦਬਾਅ ਹੇਠ ਰੁਕੇਗਾ ਨਹੀ ਤੇ ਨਾਂ ਹੀ ਕਿਸਾਨਾਂ ਨੂੰ ਮਿਲ ਰਹੇ ਨਹਿਰੀ ਪਾਣੀ ਤੇ ਪੰਜਾਬ ਦੇ ਦਰਿਆਈ ਪਾਣੀਆਂ ਤੇ ਡਾਕਾ ਬਰਦਾਸ਼ਤ ਕੀਤਾ ਜਾਵੇਗਾ।ਆਗੂਆਂ ਕਿਹਾ ਕੇ ਬਹੁਤ ਸਾਰੇ ਇਲਾਕਿਆਂ ਚ ਅਜੇ ਤੱਕ ਵੀ ਬੰਦੀ ਚੱਲ ਰਹੀ ਹੈ ਤੇ ਰਾਜਬਾਹਿਆਂ ਚ ਪਾਣੀ ਨਹੀ ਛੱਡਿਆ ਜਾ ਰਿਹਾ ਕਿਸਾਨ ਮਹਿੰਗਾ ਡੀਜਲ ਬਾਲਣ ਲਈ ਮਜਬੂਰ ਹੋ ਰਹੇ ਨੇ,ਨਹਿਰੀ ਪਾਣੀ ਫੌਰੀ ਤੇ ਪੂਰੀ ਮਾਤਰਾ ਚ ਛੱਡਣਾ ਚਾਹੀਦਾ ਹੈ।ਜਥੇਬੰਦੀ ਨੇ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸਮੇਤ ਕਿਸਾਨਾਂ ਤੇ ਦਰਜ ਪਰਚਾ ਫੌਰੀ ਰੱਦ ਕਰਨ ਦੀ ਮੰਗ ਕਰਦਿਆਂ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ।