ਕਿਸਾਨ ਖੇਤੀਬਾੜੀ ਮਸ਼ੀਨਾਂ ਉੱਤੇ ਸਬਸਿਡੀ ਲੈਣ ਲਈ 20 ਜੁਲਾਈ ਤੱਕ ਕਰ ਸਕਦੇ ਹਨ ਅਪਲਾਈ -ਮੁੱਖ ਖੇਤੀਬਾੜੀ ਅਫਸਰ
ਫਰੀਦਕੋਟ 22 ਜੂਨ (ਪੰਜਾਬ ਡਾਇਰੀ)- ਪੰਜਾਬ ਰਾਜ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ ਕਰਨ ਅਤੇ ਨਵੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਵੱਖ- ਵੱਖ ਖੇਤੀਬਾੜੀ ਮਸ਼ੀਨਾਂ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵਲੋਂ “ਪ੍ਰਮੋਸ਼ਨ ਆਫ ਐਗਰੀਕਲਚਰ ਮੈਕਾਨਾਈਜੇਸ਼ਨ ਫਾਰ ਇੰਨ-ਸਿਟੂ ਮੈਨੇਜਮੈਂਟ ਆਫ ਕਰਾਪ ਰੈਜੀਡਿਊ ਸਕੀਮ (ਸੀ.ਆਰ.ਐਮ.)” ਤਹਿਤ ਵੱਖ-ਵੱਖ ਖੇਤੀ ਮਸ਼ੀਨਾਂ ਜਿਵੇਂ ਕਿ ਸੁਪਰ ਸੀਡਰ, ਸਮਾਰਟ ਸੀਡਰ, ਹੈਪੀ ਸੀਡਰ, ਸੁਪਰ ਐਸ.ਐਮ.ਐਸ., ਬੇਲਰ, ਸਟਰਾਅ ਰੇਕ, ਹਾਈਡਰਾਲਿਕ ਉਲਟਾਵੇਂ ਹਲ, ਜ਼ੀਰੋ ਟਿੱਲ ਡਰਿੱਲ, ਪੈਡੀ ਚੌਪਰ, ਸਰੈਡਰ, ਮਲਚਰ, ਸਰੱਬ ਮਾਸਟਰ, ਰੋਟਰੀ ਸਲੈਸ਼ਰ, ਕਰਾਪ ਰੀਪਰ ਆਦਿ ਮਸ਼ੀਨਾਂ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਵਿਅਕਤੀਗਤ ਕਿਸਾਨਾਂ, ਪੰਚਾਇਤਾਂ, ਸਹਿਕਾਰੀ ਸਭਾਵਾਂ ਅਤੇ ਐਫ.ਪੀ.ਓਜ਼. ਪਾਸੋਂ ਅਰਜ਼ੀਆ ਦੀ ਮੰਗ ਕੀਤੀ ਗਈ ਹੈ। ਸਕੀਮ ਦਾ ਲਾਭ ਲੈਣ ਲਈ ਕਿਸਾਨ/ ਪੰਚਾਇਤਾਂ / ਸਹਿਕਾਰੀ ਸਭਾਵਾਂ / ਐਫ.ਪੀ.ਓਜ਼ ਮਿਤੀ 20 ਜੁਲਾਈ 2023 ਤੱਕ ਆਨਲਾਈਨ ਦਰਖਾਸਤਾਂ ਦੇ ਸਕਦੇ ਹਨ। ਕਿਸਾਨ ਵਿਭਾਗ ਦੇ ਵੈੱਬ ਪੋਰਟਲ (http://agrimachinerypb.com) ਤੇ ਆਨਲਾਈਨ ਫਾਰਮ ਭਰਕੇ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਕਿਸਾਨ ਵਿਭਾਗ ਵੱਲੋਂ ਪ੍ਰਵਾਨਿਤ ਕਿਸੇ ਵੀ ਮਸ਼ੀਨਰੀ ਨਿਰਮਾਤਾ/ਡੀਲਰ ਕੋਲੋਂ ਆਪਣੀ ਪਸੰਦ ਅਨੁਸਾਰ ਇਹਨਾਂ ਮਸ਼ੀਨਾਂ ਦੀ ਖਰੀਦ ਕਰ ਸਕੇਗਾ। ਪ੍ਰਵਾਨਿਤ ਮਸ਼ੀਨਰੀ ਨਿਰਮਾਤਾਵਾਂ/ ਡੀਲਰਾਂ ਦੀ ਸੂਚੀ ਪੋਰਟਲ ਤੇ ਹੀ ਉਪਲੱਬਧ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਹਾਇਕ ਖੇਤੀਬਾੜੀ ਇੰਜੀਨੀਅਰ ਜਾਂ ਸਬੰਧਤ ਬਲਾਕ ਖੇਤੀਬਾੜੀ ਦਫਤਰਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।