ਕਿਸਾਨ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਸੰਭਾਵੀ ਹਮਲੇ ਪ੍ਰਤੀ ਸੁਚੇਤ ਰਹਿਣ –ਹਰਬੀਰ ਸਿੰਘ
ਫਰੀਦਕੋਟ, 16 ਮਾਰਚ (ਗੁਰਮੀਤ ਸਿੰਘ ਬਰਾੜ) ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਹਰਬੀਰ ਸਿੰਘ ਦੀ ਅਗਵਾਈ ਹੇਠ ਨਰਮਾ/ਕਪਾਹ ਦੀ ਫਸਲ ਨੂੰ ਕਾਮਯਾਬ ਕਰਨ ਲਈ ਕਿਸਾਨਾਂ ਨੂੰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਸੰਭਾਵੀ ਹਮਲੇ ਦੀ ਰੋਕਥਾਮ ਬਾਰੇ ਸੁਚੇਤ ਕਰਨ ਲਈ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਪ੍ਰਤੀ ਜਾਗਰੂਕ ਕਰਨ ਲਈ ਪਿੰਡ ਪੱਧਰ ਉਪਰ ਕਿਸਾਨ ਸਿਖਲਾਈ ਕੈਂਪ ਲਗਾ ਕੇ, ਨੁਕੜ ਮੀਟਿੰਗਾਂ ਕਰਕੇ, ਪੰਚਾਇਤਾਂ ਨਾਲ ਰਾਬਤਾ ਕਾਇਮ ਕਰਕੇ ਅਤੇ ਧਾਰਮਿਕ ਸਥਾਨਾਂ ਵਿੱਚ ਅਨਾਊਂਸਮੈਂਟ ਕਰਵਾ ਵੇ, ਲਿਟਰੇਚਰ ਦੀ ਵੰਡ ਕਰਕੇ ਅਤੇ ਸ਼ੋਸ਼ਲ ਮੀਡੀਆ ਦੀਆਂ ਐਪਸ ਜਿਵੇ ਵਟਸਅਪ ਤੇ ਗਰੁੱਪ ਬਣਾ ਕੇ ਜਾਗਰੁਕ ਕਰਨ ਤਾਂ ਜੋ ਨਰਮੇ/ਕਪਾਹ ਦੀ ਫਸਲ ਨੂੰ ਕਾਮਯਾਬ ਕੀਤਾ ਜਾ ਸਕੇ। ਇਸ ਮੌਕੇ ਤੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਖੇਤਾਂ ਵਿੱਚ ਪਈਆਂ ਛਿਟੀਆਂ ਤੇ ਉਨ੍ਹਾਂ ਵਿੱਚ ਅੱਧ ਖਿੜੇ ਟੀਡਿਆਂ ਵਿੱਚ ਪਈ ਸੁੰਡੀ ਨੂੰ ਖਤਮ ਕਰਨ ਲਈ ਇਹ ਢੁੱਕਵਾਂ ਸਮਾਂ ਹੈ। ਉਨ੍ਹਾਂ ਕਿਸਾਨਾਂ ਨੂੰ ਪਿੰਡ ਪੱਧਰ ਤੇ ਇਕੱਠੇ ਹੋ ਕੇ ਛਿਟੀਆਂ ਦੇ ਢੇਰ ਦੇ ਪ੍ਰਬੰਧਨ ਲਈ ਕੰਮ ਸ਼ੁਰੂ ਕਰਨ ਲਈ ਕਿਹਾ ਤਾਂ ਜੋ ਮਾਰਚ ਮਹੀਨੇ ਤੱਕ ਛਿਟੀਆਂ ਦਾ ਕੰਮ ਮੁਕੰਮਲ ਹੋ ਸਕੇ। ਇਸ ਗੈਰ ਮੌਸਮੀ ਛਿਟੀਆਂ ਦੇ ਢੇਰਾਂ ਵਿੱਚ ਅਣਖਿੜੇ ਟੀਂਡੇ ਚੰਗੀ ਤਰ੍ਹਾਂ ਝਾੜ ਕੇ ਅੱਗ ਲਗਾਉਣ ਨਾਲ ਜਾਂ ਫਿਰ ਛਿਟੀਆਂ ਦੇ ਢੇਰਾਂ ਨੂੰ ਨਰਮੇ ਦੀ ਬਿਜਾਈ ਤੋ ਪਹਿਲਾਂ ਪਹਿਲਾਂ ਵਰਤ ਕੇ ਗੁਲਾਬੀ ਸੁੰਡੀ ਦੇ ਜੀਵਣ ਚੱਕਰ ਨੂੰ ਤੋੜਨਾ ਬਹੁਤ ਜਰੂਰੀ ਹੈ, ਇਸ ਨਾਲ ਆਉਣ ਵਾਲੇ ਸਮੇਂ ਵਿੱਚ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋ ਬਚਾਇਆ ਜਾ ਸਕੇਗਾ। ਉਨ੍ਹਾਂ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਜੀਵਨ ਚੱਕਰ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋ ਚਿੱਟੇ ਮੱਛਰ ਦੀ ਰੋਕਥਾਮ ਲਈ ਦੱਸਿਆ ਗਿਆ ਕਿ ਕਿਸਾਨ ਆਪਣੇ ਖੇਤਾਂ ਦੇ ਦੁਆਲੇ ਖਾਲੀ ਥਾਵਾਂ, ਰਾਹਾਂ ਆਦਿ ਤੋ ਨਦੀਨ ਨਰਮੇ/ਕਪਾਹ ਦੀ ਬਿਜਾਈ ਤੋ ਪਹਿਲਾਂ ਨਸ਼ਟ ਕਰ ਦੇਣ ਤਾਂ ਜੋ ਇਸ ਦੇ ਜੀਵਨ ਚੱਕਰ ਨੂੰ ਵੱਧਣ ਤੋ ਰੋਕਿਆ ਜਾ ਸਕੇ। ਇਸ ਮੌਕੇ ਤੇ ਸ਼੍ਰੀ ਪਰਮਦੀਪ ਸਿੰਘ ਵਧੀਕ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ, ਡੀ.ਡੀ.ਪੀ.ਓ ਸ. ਬਲਜੀਤ ਸਿੰਘ ਕੈਂਥ, ਜਿਲਾ ਮੰਡੀ ਅਫਸਰ ਸ੍ਰੀ ਸਲੋਧ ਕੁਮਾਰ, ਡਾ. ਅਮਨਦੀਪ ਕੇਸ਼ਵ ਪ੍ਰੋਜੈਕਟ ਡਾਇਰੈਕਟਰ ਆਤਮਾ, ਐਕਸੀਅਨ ਭੂਮੀ ਰੱਖਿਆ ਸ਼੍ਰੀ ਵਿਜੇ ਸਿੰਗਲਾ, ਸ਼੍ਰੀ ਨਿਰਵੈਰ ਸਿੰਘ, ਸ਼੍ਰੀਮਤੀ ਮਨਪ੍ਰੀਤ ਕੌਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।