ਕਿਸਾਨ ਭਾਗੀਦਾਰੀ-ਪ੍ਰਾਥਮਿਕਤਾ ਹਮਾਰੀ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਵਲੋਂ ਕਿਸਾਨ ਮੇਲੇ ਦਾ ਆਯੋਜਨ
ਫਰੀਦਕੋਟ, 26 ਅਪ੍ਰੈਲ – (ਗੁਰਮੀ ਸਿੰਘ ਬਰਾੜ) ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਹਿਯੋਗ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਅਤੇ ਆਤਮਾ, ਫਰੀਦਕੋਟ ਵਲੋਂ ‘ਕਿਸਾਨ ਭਾਗੀਦਾਰੀ- ਪ੍ਰਾਥਮਿਕਤਾ ਹਮਾਰੀ’ ਦੇ ਥੀਮ ਅਨੁਸਾਰ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਤਕਰੀਬਨ 200 ਅਗਾਂਹ ਵਧੂ ਕਿਸਾਨਾਂ, ਨੌਜਵਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਦੇ ਮੁੱਖ ਮਹਿਮਾਨ ਸ੍ਰ. ਅਮਨਪ੍ਰੀਤ ਸਿੰਘ ਬਰਾੜ, ਮੈਂਬਰ ਪੀ ਏ ਯੂ ਪ੍ਰਬੰਧਕੀ ਬੋਰਡ ਨੇ ਹਾਜਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਖਾਦਾਂ ਦੀ ਸੁਚੱਜੀ ਵਰਤੋਂ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਖੇਤੀ ਦੇ ਕੰਮਾਂ ਵਿੱਚ ਲਗਾਉਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੀ ਖੇਤੀਬਾੜੀ ਦੇ ਕਿੱਤੇ ਵਿੱਚ ਰੁਚੀ ਪੈਦਾ ਹੋ ਸਕੇ। ਡਾ. ਕਰਨਜੀਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਫਰੀਦਕੋਟ ਨੇ ਮਿੱਟੀ-ਪਾਣੀ ਪਰਖ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਸ਼ਿਫਾਰਸ਼ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਬਾਰੇ ਆਖਿਆ।ਇਸ ਕਿਸਾਨ ਮੇਲੇ ਵਿੱਚ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਸਹਿਬਾਨ ਵੱਲੋਂ ਕਿਸਾਨਾਂ ਨੂੰ ਆੱਨ ਲਾਈਨ ਸੰਬੋਧਿਤ ਕੀਤਾ ਗਿਆ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਇਸ ਦੌਰਾਨ ਫਰੀਦਕੋਟ ਦੇ ਕਿਸਾਨ ਸਤਿਕਾਰ ਸਿੰਘ, ਜੋ ਕਿ ਕੁਦਰਤੀ ਖੇਤੀ ਕਰ ਰਹੇ ਹਨ, ਨੇ ਆਪਣੇ ਤਜਰਬੇ ਬਾਕੀ ਕਿਸਾਨਾਂ ਨਾਲ ਸਾਂਝੇ ਕੀਤੇ। ਫਾਰਮ ਸਲਾਹਕਾਰ ਸੇਵਾ ਕੇਂਦਰ ਫਰੀਦਕੋਟ ਤੋਂ ਡਾ ਹਰਿੰਦਰ ਸਿੰਘ [ਡੀ.ਈ.ਐਸ] ਨੇ ਝੋਨੇ ਦੀਆਂ ਥੋੜਾ ਸਮਾਂ ਲੈਣ ਵਾਲੀਆਂ ਕਿਸਮਾਂ ਦੇ ਨਾਲ-ਨਾਲ ਸਾਉਣੀ ਦੌਰਾਨ ਸਮੁੱਚੇ ਫਸਲ ਪ੍ਰਬੰਧ ਬਾਰੇ ਅਗਾਂਊ ਜਾਣਕਾਰੀ ਦਿੱਤੀ। ਇਸ ਮੌਕੇ ਮੱਤਾ ਆਰਟ ਐਂਡ ਕਲਚਰ ਕਲੱਬ ਵੱਲੋਂ ‘ਫ਼ਸਲਾਂ ਅਤੇ ਨਸਲਾਂ’ ਵਿਸ਼ੇ ਅਧੀਨ ਇੱਕ ਨਾਟਕ ਪੇਸ਼ ਕੀਤਾ ਗਿਆ।
ਇਸ ਕਿਸਾਨ ਮੇਲੇ ਵਿੱਚ ਜਿਲ੍ਹਾ ਪੱਧਰ ਦੇ ਵੱਖ-ਵੱਖ ਵਿਭਾਗਾਂ ਜਿਵੇਂ ਡੇਅਰੀ ਡਿਵੇਲਪਮੈਂਟ, ਮੱਛੀ ਪਾਲਣ, ਪਸ਼ੂ ਪਾਲਣ, ਬਾਗਬਾਨੀ, ਖੇਤੀਬਾੜੀ ਅਤੇ ਆਤਮਾ ਤੋਂ ਮਾਹਿਰਾਂ ਨੇ ਸ਼ਮੂਲੀਅਤ ਕੀਤੀ ।ਇਸ ਮੌਕੇ ਵੱਖ-ਵੱਖ ਤਕਨੀਕੀ ਮਾਹਿਰਾਂ ਨੇ ਹਾਜਰ ਕਿਸਾਨਾਂ ਨੂੰ ਪ੍ਰਦੂਸ਼ਿਤ ਆਬੋ-ਹਵਾ ਦੇ ਦੁਰਪ੍ਰਭਾਵ, ਭੂਮੀ ਦੀ ਸਿਹਤ ਸੰਭਾਲ, ਬਦਲਦੇ ਮੌਸਮੀ ਪ੍ਰਭਾਵਾਂ ਦੇ ਮੱਦੇ ਨਜਰ ਬਦਲਵੇਂ ਖੇਤੀ ਪ੍ਰਬੰਧ ਵਜੋਂ ਫਸਲੀ ਵਿਭਿੰਨਤਾ ਦੇ ਨਾਲ ਨਾਲ ਵਧਦੀਆਂ ਖੇਤੀ ਲਾਗਤਾਂ ਪ੍ਰਤੀ ਸੁਚੇਤ ਕਰਦਿਆਂ ਖੇਤੀ ਰਸਾਇਣਾਂ ਦੀ ਸੰਜਮੀ ਵਰਤੋਂ, ਖੇਤੀ ਆਮਦਨ ਵਧਾਉਣ ਲਈ ਫੂਡ ਪ੍ਰੋਸੈਸਿੰਗ ਅਤੇ ਗੁਣਵੱਤਾ ਵਧਾਉਣ ਅਤੇ ਹਾੜੀ ਦੀਆਂ ਫਸਲਾਂ ਦੇ ਸੁਚੱਜੇ ਪ੍ਰਬੰਧ ਲਈ ਪ੍ਰੇਰਿਤ ਕੀਤਾ। ਇਸ ਉਦੇਸ਼ ਦੀ ਪੁਰਤੀ ਲਈ ਕਿਸਾਨ ਮੇਲਿਆਂ ਦੁਆਰਾ ਵੰਡੇ ਜਾਂਦੇ ਗਿਆਨ ਤੋਂ ਲਾਹਾ ਲੈਣ ਦੀ ਅਪੀਲ ਕੀਤੀ।ਡਾ. ਕਮਲਦੀਪ ਸਿੰਘ ਮਠਾੜੂ, ਕੀਟ ਵਿਗਿਆਨੀ, ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ ਨੇ ਨਰਮੇ ਦੀ ਸੁਚੱਜੀ ਕਾਸ਼ਤ ਅਤੇ ਗੁਲਾਬੀ ਸੁੰਡੀ ਦੇ ਪ੍ਰਬੰਧਨ ਸਬੰਧੀ ਜਾਣਕਾਰੀ ਦਿੱਤੀ। ਇਸ ਸਮਾਗਮ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਸਟਾਲਾਂ ਵੀ ਲਗਾਈਆਂ ਗਈਆਂ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾ. ਆਰ ਕੇ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।