ਕਿਸਾਨ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਦੀ ਕਿਰਾਏ ਤੇ ਵੱਧ ਤੋਂ ਵੱਧ ਵਰਤੋਂ ਕਰਨ ਨੂੰ ਪਹਿਲ ਦੇਣ- ਡਿਪਟੀ ਕਮਿਸ਼ਨਰ
ਫਰੀਦਕੋਟ, 6 ਨਵੰਬਰ (ਪੰਜਾਬ ਡਾਇਰੀ)- ਪਰਾਲੀ ਸੰਭਾਲ ਮੁਹਿੰਮ ਤਹਿਤ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਵਲੋਂ ਜਿਲ੍ਹਾ ਫਰੀਦਕੋਟ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਪਿੰਡ ਭਾਣਾ, ਢੁੱਡੀ ਅਤੇ ਕੋਟ ਸੁਖੀਆ ਵਿਖੇ ਕਿਸਾਨਾ ਨਾਲ ਨੁੱਕੜ ਮੀਟਿੰਗ ਰਾਹੀਂ ਗੱਲਬਾਤ ਕਰਦਿਆਂ ਦੱਸਿਆਂ ਕਿ ਕਿਸਾਨ ਜਿਲ੍ਹੇ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਸੀ.ਆਰ.ਐਮ. ਸਕੀਮ ਅਧੀਨ 50% ਅਤੇ 80% ਸਬਸਿਡੀ ਦੀ ਦਰ ਨਾਲ ਮੁਹੱਇਆ ਕਰਵਾਈ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਆਪਣੇ ਖੇਤਾਂ ਵਿੱਚ ਵਰਤੋਂ ਕਰਕੇ ਝੋਨੇ ਅਤੇ ਬਾਸਮਤੀ ਦੀ ਪਰਾਲੀ ਦੀ ਸੰਭਾਲ ਕਰਕੇ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ।
ਉਨ੍ਹਾਂ ਦੱਸਿਆ ਕਿ ਜਿਲ੍ਹੇ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ ਵਿੱਚ ਸਰਕਾਰ ਵਲੋਂ ਸਬਸਿਡੀ ਤੇ ਮੁਹੱਇਆ ਕਰਵਾਈ ਸੀ.ਆਰ.ਐਮ. ਮਸ਼ੀਨਰੀ ਵਾਲੇ ਨਿੱਜ਼ੀ ਕਿਸਾਨਾਂ, ਰਜਿਸਟਰਡ ਕਿਸਾਨ ਗਰੁੱਪਾਂ, ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਦੀ ਸੂਚਨਾ ਸਬੰਧੀ ਫਲੈਕਸ ਬੋਰਡ ਲਗਵਾਏ ਗਏ ਹਨ, ਲੋੜਵੰਦ ਕਿਸਾਨ ਇਹਨਾਂ ਮਸ਼ੀਨਾਂ ਨੂੰ ਸਰਕਾਰ ਵਲੋਂ ਨਿਰਧਾਰਿਤ ਕਿਰਾਏ ਦੀਆਂ ਦਰਾਂ ਤੇ ਕਿਰਾਏ ਉਪਰ ਲੈਕੇ ਵਰਤ ਸਕਦੇ ਹਨ। ਉਨ੍ਹਾਂ ਪਿੰਡ ਢੁੱਡੀ ਅਤੇ ਕੋਟ ਸੁਖੀਆ ਵਿਖੇ ਬੇਲਰ ਅਤੇ ਆਰ.ਐਮ.ਬੀ. ਪਲੋਅ ਨਾਲ ਪਰਾਲੀ ਦੀ ਸੰਭਾਲ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਉਤਸਾਹ ਵਧਾਇਆਂ ਅਤੇ ਆਪਣੀਆਂ ਮਸ਼ੀਨਾਂ ਨੂੰ ਵੱਧ ਤੋਂ ਵੱਧ ਕਿਰਾਏ ਤੇ ਚਲਾਉਣ ਲਈ ਪ੍ਰੇਰਿਆ।
ਦੌਰੇ ਦੌਰਾਨ ਖੇਤੀਬਾੜੀ ਵਿਭਾਗ ਦੇ ਇੰਜ਼. ਹਰਚਰਨ ਸਿੰਘ, ਖੇਤੀਬਾੜੀ ਇੰਜੀਨੀਅਰ (ਟਿਊਬਵੈਲਜ਼), ਡਾ. ਰੁਪਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਅਤੇ ਸ਼੍ਰੀ ਰਣਬੀਰ ਸਿੰਘ, ਖੇਤੀਬਾੜੀ ਉਪ-ਨਿਰੀਖਕ ਹਾਜ਼ਿਰ ਸਨ।