ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਵੱਡਾ ਫ਼ੈਸਲਾ : ਆਨਲਾਈਨ ਗੇਮਿੰਗ ’ਤੇ ਲੱਗੇਗਾ 28 ਫ਼ੀਸਦੀ ਟੈਕਸ
ਨਵੀਂ ਦਿੱਲੀ, 3 ਅਗਸਤ (ਰੋਜਾਨਾ ਸਪੋਕਸਮੈਨ)- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਕਿਹਾ ਕਿ ਆਨਲਾਈਨ ਗੇਮਿੰਗ ‘ਚ ਦਾਅ ‘ਤੇ ਲੱਗੀ ਸਾਰੀ ਰਕਮ ‘ਤੇ 28 ਫੀਸਦੀ ਟੈਕਸ ਲਗਾਉਣ ਦਾ ਫੈਸਲਾ 1 ਅਕਤੂਬਰ ਤੋਂ ਲਾਗੂ ਹੋਵੇਗਾ। ਵਿੱਤ ਮੰਤਰੀ ਨੇ ਜੀਐਸਟੀ ਕੌਂਸਲ ਦੀ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿਤੀ।
ਵਿੱਤ ਮੰਤਰੀ ਨੇ ਕਿਹਾ, ਬੈਠਕ ‘ਚ ਦਿੱਲੀ, ਗੋਆ, ਸਿੱਕਮ ਨੇ ਆਨਲਾਈਨ ਗੇਮਿੰਗ ਅਤੇ ਕੈਸੀਨੋ ‘ਤੇ 28 ਫੀਸਦੀ ਟੈਕਸ ਲਗਾਉਣ ਦੇ ਫੈਸਲੇ ਦੀ ਸਮੀਖਿਆ ਦੀ ਮੰਗ ਕੀਤੀ। ਹਾਲਾਂਕਿ ਦੂਜੇ ਰਾਜਾਂ ਨੇ ਇਸ ਨੂੰ ਜਲਦੀ ਲਾਗੂ ਕਰਨ ਦੀ ਗੱਲ ਕਹੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਉਨ੍ਹਾਂ ਇਹ ਵੀ ਭਰੋਸਾ ਦਿਤਾ ਕਿ ਕਾਨੂੰਨ ਲਾਗੂ ਹੋਣ ਤੋਂ ਬਾਅਦ ਛੇ ਮਹੀਨਿਆਂ ਬਾਅਦ ਇਸ ਦੀ ਪ੍ਰਭਾਵਸ਼ੀਲਤਾ ਦੀ ਸਮੀਖਿਆ ਕੀਤੀ ਜਾਵੇਗੀ।
ਵਿੱਤ ਮੰਤਰੀ ਨੇ ਕਿਹਾ ਕਿ ਆਨਲਾਈਨ ਗੇਮਿੰਗ ‘ਤੇ ਟੈਕਸ ਨੂੰ ਲਾਗੂ ਕਰਨ ਲਈ ਜ਼ਰੂਰੀ ਕਾਨੂੰਨੀ ਵਿਵਸਥਾਵਾਂ ਨੂੰ ਸੰਸਦ ਦੇ ਮੌਜੂਦਾ ਸੈਸ਼ਨ ‘ਚ ਉਠਾਏ ਜਾਣ ਦੀ ਉਮੀਦ ਹੈ, ਜਦਕਿ ਇਸ ਦੇ 1 ਅਕਤੂਬਰ ਤੋਂ ਲਾਗੂ ਹੋਣ ਦੀ ਉਮੀਦ ਹੈ।
ਇੱਕ ਮਹੀਨੇ ਦੇ ਅੰਦਰ ਜੀਐਸਟੀ ਦੀ ਇਹ ਦੂਜੀ ਮੀਟਿੰਗ ਸੀ। ਇਸ ਤੋਂ ਪਹਿਲਾਂ 11 ਜੁਲਾਈ ਨੂੰ ਹੋਈ ਮੀਟਿੰਗ ‘ਚ ਕੌਂਸਲ ਨੇ ਆਨਲਾਈਨ ਗੇਮਿੰਗ ‘ਚ ਨਿਵੇਸ਼ ਕੀਤੀ ਸਾਰੀ ਰਕਮ ‘ਤੇ 28 ਫੀਸਦੀ ਟੈਕਸ ਲਗਾਉਣ ਦਾ ਫੈਸਲਾ ਕੀਤਾ ਸੀ। ਨਾਲ ਹੀ ਇਹ ਹੁਨਰ ਅਤੇ ਮੌਕਾ ਅਧਾਰਤ ਖੇਡਾਂ ਵਿਚ ਫਰਕ ਨਹੀਂ ਕਰਦਾ ਸੀ।
ਮਾਲੀਆ ਸਕੱਤਰ ਸੰਜੇ ਮਲਹੋਤਰਾ ਨੇ ਸਪੱਸ਼ਟ ਕੀਤਾ ਕਿ ਆਨਲਾਈਨ ਗੇਮਾਂ ‘ਤੇ ਸਿਰਫ ਉਨ੍ਹਾਂ ਮਾਮਲਿਆਂ ‘ਚ ਟੈਕਸ ਲੱਗੇਗਾ, ਜਿੱਥੇ ਖੇਡਣ ਲਈ ਪੈਸੇ ਦਿਤੇ ਜਾ ਰਹੇ ਹਨ। ਜੇਕਰ ਤੁਸੀਂ ਕ੍ਰਿਪਟੋ ਕਰੰਸੀ ਰਾਹੀਂ ਆਨਲਾਈਨ ਗੇਮਾਂ ਲਈ ਭੁਗਤਾਨ ਕਰਦੇ ਹੋ ਤਾਂ ਉਸ ‘ਤੇ ਵੀ ਟੈਕਸ ਲੱਗੇਗਾ।
ਮਾਲ ਸਕੱਤਰ ਨੇ ਇਹ ਵੀ ਦਸਿਆ ਕਿ ਵਿਦੇਸ਼ੀ ਆਨਲਾਈਨ ਗੇਮਿੰਗ ਕੰਪਨੀਆਂ ਲਈ ਅਜਿਹੇ ਪ੍ਰਬੰਧ ਕੀਤੇ ਜਾਣਗੇ ਕਿ ਉਹ ਭਾਰਤ ਵਿਚ ਰਜਿਸਟਰਡ ਹੋਣੀਆਂ ਚਾਹੀਦੀਆਂ ਹਨ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ, ਤਾਂ ਉਨ੍ਹਾਂ ‘ਤੇ ਆਈ.ਟੀ. ਐਕਟ ਦੇ ਤਹਿਤ ਪਾਬੰਦੀ ਲਗਾਈ ਜਾਵੇਗੀ।
ਇਹ ਫੈਸਲਾ ਪਿਛਲੇ ਮਹੀਨੇ ਲਿਆ ਗਿਆ ਜੀਐਸਟੀ ਕੌਂਸਲ ਦੀ ਪਿਛਲੇ ਮਹੀਨੇ ਹੋਈ ਮੀਟਿੰਗ ਵਿਚ ਆਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ ‘ਤੇ ਸੱਟੇ ਦੀ ਸਾਰੀ ਰਕਮ ‘ਤੇ 28 ਪ੍ਰਤੀਸ਼ਤ ਦੀ ਦਰ ਨਾਲ ਜੀਐਸਟੀ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਫੈਸਲੇ ਨੂੰ ਲਾਗੂ ਕਰਨ ਨੂੰ ਲੈ ਕੇ ਬੁੱਧਵਾਰ ਨੂੰ ਮੀਟਿੰਗ ਹੋਈ।