ਕੇਂਦਰੀ ਸਿੰਘ ਸਭਾ ਚੰਡੀਗੜ੍ਹ ਵਲੋਂ ਸਿੰਘ ਸਭਾ ਲਹਿਰ ਨੂੰ ਸਮਰਪਤ ਡਗਸ਼ਈ ਹਿਮਾਚਲ ਪ੍ਰਦੇਸ਼ ਗੁ. ਸਿੰਘ ਸਭਾ ’ਚ ਲਾਇਆ ਤਿੰਨ ਰੋਜ਼ਾ ਗੁਰਮਤਿ ਕੈਂਪ
ਚੰਡੀਗੜ੍ਹ 30 ਜੂਨ (ਪੰਜਾਬ ਡਾਇਰੀ)- ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਲੋਂ ਵਿਦਿਆਰਥੀਆਂ ਦਾ ਹਿਮਾਚਲ ਪ੍ਰਦੇਸ਼ ’ਚ ਪੈਂਦੇ ਡਗਸ਼ਈ ਦੇ ਗੁ. ਸਿੰਘ ਸਭਾ ਵਿਖੇ ਡਾ. ਖੁਸ਼ਹਾਲ ਸਿੰਘ(ਜਨਰਲ ਸਕੱਤਰ) ਦੀ ਅਗਵਾਈ ਵਿਚ ਸਿੰਘ ਸਭਾ ਲਹਿਰ ਦੇ ਡੇਢ ਸੋ ਸਾਲਾ ਦਿਵਸ ਅਤੇ ਗਦਰੀ ਬਾਬਿਆਂ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਿਜ਼ ਦੇ ਅਸਿਸਟੈਂਟ ਪ੍ਰੋਫੈਸਰ ਡਾ. ਸੁਖਜਿੰਦਰ ਕੌਰ ਦੀ ਦੇਖ ਰੇਖ ਹੇਠ ਕੈਂਪ ਵਿਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਸ਼ਮੂਲੀਅਤ ਕਰ ਰਹੇ 55 ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਆਪੋ ਆਪਣੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ। ਸਮੂਚੀ ਟੀਮ ਦੇ ਡਗਸ਼ਾਈ ਵਿਖੇ ਪੰਹੁਚਣ ’ਤੇ ਸਥਾਨਕ ਗੁ. ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੈਂਪ ਦੀ ਸ਼ੁਰੂਆਤ ਕਰਦਿਆਂ ਡਾ. ਖੁਸ਼ਹਾਲ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਗੁਰਮਤਿ ਸਿਖਲਾਈ ਕੈਂਪ ਦਾ ਮਹੱਤਵ ਤੋਂ ਜਾਣੂ ਕਰਵਾਉਂਦਿਆਂ ਸਿੰਘ ਸਭਾ ਲਹਿਰ ਅਤੇ ਗਦਰੀ ਬਾਬਿਆਂ ਦੇ ਜੀਵਨ ਬਾਰੇ ਵੀ ਅਹਿਮ ਜਾਣਕਾਰੀ ਦਿੱਤੀ। ਡਾ. ਸੁਖਜਿੰਦਰ ਕੌਰ ਨੇ ਕੈਂਪ ਵਿਚ ਸ਼ਮੂਲੀਅਤ ਕਰ ਰਹੇ ਵਿਦਿਆਰਥੀਆਂ ਨੂੰ ਅਨੂਸ਼ਾਸ਼ਨ ਵਿਚ ਰਹਿ ਕੇ ਸਾਰਿਆਂ ਨੂੰ ਆਪੋ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਆ। ਪਹਿਲੇ ਦਿਨ ਸੋਦਰ ਦੇ ਪਾਠ ਅਤੇ ਅਰਦਾਸ ਜਸ਼ਨਦੀਪ ਸਿੰਘ ਨੇ ਕੀਤੀ ਅਤੇ ਨਰਿੰਦਰਜੀਤ ਕੌਰ ਆਨੰਦਪੁਰ ਸਾਹਿਬ ਨੇ ਹੁਕਮਨਾਮਾ ਸੰਗਤ ਨੂੰ ਸਰਵਣ ਕਰਵਾਇਆ। ਇਸ ਮੌਕੇ ਗੁ. ਸਾਹਿਬ ਦੇ ਪ੍ਰਧਾਨ ਸ. ਨਿਰਪਾਲ ਸਿੰਘ ਨੇ ਡਗਸ਼ਾਈ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਸਕੱਤਰ ਸ. ਅਜਮੇਰ ਸਿੰਘ ਨੇ ਸੰਬੋਧਨ ਹੁੰਦਿਆਂ ਦਸਿਆ ਕਿ ਉਨ੍ਹਾਂ ਨੂੰ ਭਾਈ ਰਣਧੀਰ ਸਿੰਘ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿਨ੍ਹਾਂ ਦੀਆਂ ਨਿਸ਼ਾਨੀਆਂ ਵਜੋਂ ਹਰਮੋਨੀਅਮ ਆਦਿ ਅੱਜ ਵੀ ਸੰਭਾਲ ਕੇ ਰਖੇ ਗਏ ਹਨ।
ਕੈਂਪ ਦੇ ਦੂਜੇ ਦਿਨ ਅੰਮ੍ਰਿਤ ਵੇਲੇ ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਹਰਪ੍ਰੀਤ ਸਿੰਘ ਦੇ ਨਾਲ ਵਿਦਿਆਰਥੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਉਣ ਉਪਰੰਤ ਪੰਜ ਬਾਣੀਆਂ ਦਾ ਨਿਤਨੇਮ, ਕੀਰਤਨ, ਸੁਖਮਨੀ ਸਾਹਿਬ ਦਾ ਪਾਠ ਉਪਰੰਤ ਡਗਸ਼ਾਈ ਦੀ ਪਹਾੜੀਆਂ ਵਿਚ ਲੰਬੀ ਸੈਰ ਕਰਦਿਆਂ ਕੁਦਰਤ ਦਾ ਆਨੰਦ ਮਾਣਿਆਂ। ਸਵੇਰ ਦਾ ਨਾਸ਼ਤਾ ਕਰਨ ਉਪਰੰਤ ਵੱਖ ਵੱਖ ਵਿਦਿਆਰਥੀਆਂ ਨੇ ਕੈਂਪ ਵਿਚ ਪਹੁੰਚ ਕੇ ਕਵੀਸ਼ਰੀ, ਕਵਿਤਾਵਾਂ ਅਤੇ ਸ਼ਬਦ ਕੀਰਤਨ ਰਾਂਹੀ ਆਪਣੀ ਹਾਜ਼ਰੀ ਲੁਵਾਈ। ਇਸ ਮੌਕੇ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਵਿਦਿਆਰਥੀਆਂ ਨੂੰ ਸਿੰਘ ਸਭਾ ਲਹਿਰ ਤੇ ਗਦਰੀ ਬਾਬਿਆਂ ਦੇ ਜੀਵਨ ‘ਤੇ ਚਾਨਣਾ ਪਾਇਆ। ਕੈਂਪ ਵਿਚ ਉਚੇਚੇ ਤੌਰ ‘ਤੇ ਪੰਹੁਚੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਮਨਰੇਗਾ ਤੇ ਆਪਣੇ ਹੱਕਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਵੀ ਸ਼ਮੂਲੀਅਤ ਕੀਤੀ। ਸ. ਜਸਵਿੰਦਰ ਸਿੰਘ ਮੋਹਾਲੀ ਨੇ ਸੰਬੋਧਨ ਹੁੰਦਿਆਂ ਵਿਦਿਆਰਥੀਆਂ ਨੂੰ ਆਪਣਾ ਜੀਵਨ ਸਿੱਖੀ ਸਿਧਾਂਤਾਂ ਅਨੁਸਾਰ ਢਾਲਣ ਲਈ ਪ੍ਰੇਰਿਆ। ਇਸ ਮੌਕੇ ਵਿਦਿਆਰਥੀਆਂ ਨੂੰ ਪੁਰਾਣੀ ਜ਼ੇਲ੍ਹ ਵੀ ਵਿਖਾਈ ਗਈ। ਕੁਮਾਰ ਹੱਟੀ ਦੇ ਗੁ. ਸਾਹਿਬ ਹਾਜ਼ਰੀ ਭਰੀ ਜਿੱਥੇ ਭਾਈ ਐਚ ਪੀ ਸਿੰਘ ਨੇ ਭਾਈ ਰਣਧੀਰ ਸਿੰਘ ਜੀ ਦੇ ਜੀਵਨ ਬਾਰੇ ਦੱਸਿਆ ਤੇ ਰਾਜਵਿੰਦਰ ਸਿੰਘ ਰਾਹੀ ਨੇ ਗਦਰੀ ਬਾਬਿਆਂ ਤੇ ਭਾਈ ਰਣਧੀਰ ਸਿੰਘ ਜੀ ਬਾਰੇ ਅਹਿਮ ਜਾਣਕਾਰੀ ਦਿੱਤੀ। ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਗੁ. ਸਿੰਘ ਸਭਾ ਡਗਸ਼ਾਈ ਦੀ ਪ੍ਰਬੰਧਕ ਕਮੇਟੀ ਵਲੋਂ ਕੈਂਪ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ, ਗੁਰੂ ਕੇ ਲੰਗਰ, ਰਹਿਣ ਦੀ ਵਿਵਸਥਾ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ ਜਿਸ ਲਈ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਲੋਂ ਸਮੂਚੀ ਗੁ. ਕਮੇਟੀ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਗੁਰਮਤਿ ਕੈਂਪ ਲਗਾਉਣ ਲਈ ਕਮੇਟੀ ਨੂੰ ਬੇਨਤੀ ਕੀਤੀ। ਡਗਸ਼ਈ ਗੁ. ਕਮੇਟੀ ਵਲੋਂ ਡਾ. ਖੁਸ਼ਹਾਲ ਸਿੰਘ ਸਮੇਤ ਕੈਂਪ ’ਚ ਹਾਜ਼ਰੀ ਭਰਨ ਵਾਲੇ ਸਜੱਣਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਅਤੇ ‘ਗ਼ਦਰ ਲਹਿਰ ਦੀਆਂ ਫੌਜੀ ਬਗਾਵਤਾਂ ਅਤੇ ਡਗਸ਼ਈ ਕੋਰਟ ਮਾਰਸ਼ਲ’ ਕਿਤਾਬ ਭੇਂਟ ਕੀਤੀ ਗਈ। ਕੇਂਦਰੀ ਸਿੰਘ ਸਭਾ ਵਲੋਂ ਡਾ. ਖੁਸ਼ਹਾਲ ਸਿੰਘ ਨੇ ਗ੍ਰੰਥੀ ਭਾਈ ਹਰਪ੍ਰੀਤ ਸਿੰਘ ਦਾ ਸਨਮਾਨ ਕੀਤਾ। ਇਸ ਮੌਕੇ ਡਗਸ਼ਾਈ ਗੁ.ਸਿੰਘ ਸਭਾ ਦੇ ਪ੍ਰਧਾਨ ਨਿਰਪਾਲ ਸਿੰਘ, ਜਨਰਲ ਸਕੱਤਰ ਅਜਮੇਰ ਸਿੰਘ, ਮੈਂਬਰ ਬਲਬੀਰ ਸਿੰਘ ਅਤੇ ਨਿਰਭੈਵੀਰ ਸਿੰਘ, ਭਾਈ ਹਰਪ੍ਰੀਤ ਸਿੰਘ ਤੋਂ ਇਲਾਵਾ ਡਾ. ਖੁਸ਼ਹਾਲ ਸਿੰਘ, ਰਾਜਵਿੰਦਰ ਸਿੰਘ ਰਾਹੀ, ਡਾ. ਸੁਖਜਿੰਦਰ ਕੌਰ, ਜਸਵਿੰਦਰ ਸਿੰਘ, ਹਰਜੋਤ ਸਿੰਘ, ਮੇਜਰ ਸਿੰਘ ਪੰਜਾਬੀ ਅਤੇ ਕੈਂਪ ’ਚ ਹਿੱਸਾ ਲੈਣ ਵਾਲੇ ਵਿਦਿਆਰਥੀ ਤੇ ਵਿਦਿਆਰਥਣਾਂ ਮੋਜੂਦ ਸਨ।