ਕੈਪਟਨ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਨੂੰ ਮਿਲੀ ਵੱਡੀ ਰਾਹਤ, ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਮਨਜ਼ੂਰ
ਚੰਡੀਗੜ੍ਹ, 4 ਅਕਤੂਬਰ (ਡੇਲੀ ਪੋਸਟ ਪੰਜਾਬੀ)- ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਭਰਤ ਇੰਦਰ ਸਿੰਘ ਚਾਹਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ 12 ਅਕਤੂਬਰ ਤਕ ਜਾਇਦਾਦ ਸਬੰਧੀ ਵੇਰਵੇ ਸੌਂਪਣ ਲਈ ਕਿਹਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ।
ਦੱਸ ਦੇਈਏ ਕਿ ਵਿਜੀਲੈਂਸ ਨੇ ਭਰਤ ਇੰਦਰ ਸਿੰਘ ਚਾਹਲ ਖਿਲਾਫ਼ ਕਾਰਵਾਈ ਕਰਦੇ ਹੋਏ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਸੀ। ਵਿਜੀਲੈਂਸ ਦੀ ਟੀਮ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਪਿਛਲੇ ਕਈ ਦਿਨਾਂ ਤੋਂ ਭਰਤ ਇੰਦਰ ਸਿੰਘ ਚਾਹਲ ਦੇ ਘਰ ਅਤੇ ਉਸ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਸੀ। ਵਿਜੀਲੈਂਸ ਨੇ ਆਪਣੀ ਜਾਂਚ ਵਿੱਚ ਦੱਸਿਆ ਕਿ ਭਰਤ ਇੰਦਰ ਸਿੰਘ ਚਾਹਲ ਨੇ ਆਮਦਨ ਤੋਂ 305 ਫੀਸਦ ਵੱਧ ਜਾਇਦਾਦ ਬਣਾਈ ਹੈ।
ਪਰ ਸਾਬਕਾ ਸਲਾਹਕਾਰ ਚਾਹਲ ਵਿਜੀਲੈਂਸ ਦੇ ਹੱਥ ਨਹੀਂ ਆਇਆ ਤੇ ਬਾਹਰੋ ਬਾਹਰੀ ਹਾਈ ਕੋਰਟ ਤੋਂ ਜ਼ਮਾਨਤ ਲੈ ਲਈ ਹੈ। ਚਾਹਲ ਨੇ ਅਦਾਲਤ ਵਿੱਚ ਕਿਹਾ ਕਿ ਵਿਜੀਲੈਂਸ ਵੱਲੋਂ ਪਿਛਲੇ ਸਾਲ ਨਵੰਬਰ ਵਿੱਚ ਜਾਂਚ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਨੇ ਆਪਣੇ ਸਾਰੇ ਬੈਂਕ ਖਾਤਿਆਂ, ਜਾਇਦਾਦਾਂ ਤੇ ਆਮਦਨ ਦਾ ਪੂਰਾ ਵੇਰਵਾ ਦੇ ਦਿੱਤਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ।