ਕ੍ਰਿਕੇਟ ਵਰਲਡ ਕੱਪ ਨੂੰ ‘ਵਿਸ਼ਵ ਦਹਿਸ਼ਤ ਕੱਪ’ ’ਚ ਬਦਲਣ ਦੀ ਧਮਕੀ ਦੇਣ ਲਈ ਪੰਨੂੰ ਵਿਰੁਧ ਐਫ਼.ਆਈ.ਆਰ. ਦਰਜ
ਅਹਿਮਦਾਬਾਦ, 29 ਸਤੰਬਰ (ਰੋਜਾਨਾ ਸਪੋਕਸਮੈਨ)- ਗੁਜਰਾਤ ਪੁਲਿਸ ਨੇ ਪੰਜ ਅਕਤੂਬਰ ਨੂੰ ਇੱਥੇ ਨਰਿੰਦਰ ਮੋਦੀ ਸਟੇਡੀਅਮ ’ਚ ਸ਼ੁਰੂ ਹੋ ਰਹੇ ਕ੍ਰਿਕੇਟ ਵਿਸ਼ਵ ਕੱਪ ਨੂੰ ‘ਵਿਸ਼ਵ ਦਹਿਸ਼ਤ ਕੱਪ’ ’ਚ ਬਦਲਣ ਦੀ ਧਮਕੀ ਦੇਣ ਲਈ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਜ਼ ਫ਼ਾਰ ਜਸਟਿਸ’ (ਐੱਸ.ਐਫ਼.ਜੇ.) ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਹੈ। ਇਕ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।
ਅਹਿਮਦਾਬਾਦ ਪੁਲਿਸ ਦੀ ਸਾਇਬਰ ਅਪਰਾਧ ਬ੍ਰਾਂਚ ਨੇ ਐਫ਼.ਆਈ.ਆਰ. ’ਚ ਕਿਹਾ ਕਿ ਪੰਨੂੰ ਨੇ ਕਿਸੇ ਵਿਦੇਸ਼ੀ ਨੰਬਰ ਤੋਂ ਪਹਿਲਾਂ ਤੋਂ ਰੀਕਾਰਡ ਕੀਤੇ ਸੰਦੇਸ਼ ਜ਼ਰੀਏ ਦੇਸ਼ ਦੇ ਲੋਕਾਂ ਨੂੰ ਧਮਕੀ ਦਿਤੀ। ਸਾਇਬਰ ਅਪਰਾਧ ਬ੍ਰਾਂਚ ਦੇ ਸਬ-ਇੰਸਪੈਕਟਰ ਐੱਚ.ਐੱਨ. ਪ੍ਰਜਾਪਤੀ ਵਲੋਂ ਦਰਜ ਕਰਵਾਈ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਇਹ ਉਨ੍ਹਾਂ ਦੇ ਨੋਟਿਸ ’ਚ ਆਇਆ ਹੈ ਕਿ ਕਈ ਲੋਕਾਂ ਨੂੰ ਇਕ ਫ਼ੋਨ ਨੰਬਰ ਤੋਂ ਪਹਿਲਾਂ ਤੋਂ ਰੀਕਾਰਡ ਧਮਕੀ ਭਰਿਆ ਸੰਦੇਸ਼ ਮਿਲਿਆ ਹੈ। ਐਫ਼.ਆਈ.ਆਰ. ’ਚ ਕਿਹਾ ਗਿਆ ਹੈ ਕਿ ਜਿਨ੍ਹਾਂ-ਜਿਨ੍ਹਾਂ ਲੋਕਾਂ ਨੂੰ ਇਹ ਸੰਦੇਸ਼ ਮਿਲਿਆ ਹੈ ਉਨ੍ਹਾਂ ’ਚੋਂ ਕਈਆਂ ਨੇ ਵੱਖੋ-ਵੱਖ ਮਾਧਿਅਮਾਂ ਜ਼ਰੀਏ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ।
ਪਹਿਲਾਂ ਤੋਂ ਰੀਕਾਰਡ ਸੰਦੇਸ਼ ’ਚ ਕਿਹਾ ਗਿਆ ਹੈ ਕਿ ਪੰਜ ਅਕਤੂਬਰ ਨੂੰ ਕ੍ਰਿਕੇਟ ਵਿਸ਼ਵ ਕੱਪ ਦੀ ਸ਼ੁਰੂਆਤ ਨਹੀਂ ਹੋਵੇਗੀ ਬਲਕਿ ਇਹ ‘ਵਿਸ਼ਵ ਦਹਿਸ਼ਤ ਕੱਪ’ ਦੀ ਸ਼ੁਰੂਆਤ ਹੋਵੇਗੀ। ਇਸ ’ਚ ਧਮਕੀ ਦਿਤੀ ਗਈ ਹੈ ਕਿ ਸਿੱਖਜ਼ ਫ਼ਾਰ ਜਸਟਿਸ ਖ਼ਾਲਿਸਤਾਨੀ ਝੰਡਿਆਂ ਨਾਲ ਅਹਿਮਦਾਬਾਦ ’ਚ ਧਾਵਾ ਬੋਲਣ ਜਾ ਰਿਹਾ ਹੈ।
ਐਫ਼.ਆਈ.ਆਰ. ’ਚ ਸੰਦੇਸ਼ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘‘ਅਸੀਂ ਸ਼ਹੀਦ ਨਿੱਝਰ ਦੇ ਕਤਲ ਦਾ ਬਦਲਾ ਲਵਾਂਗੇ। ਅਸੀਂ ਤੁਹਾਡੀਆਂ ਗੋਲੀਆਂ ਦਾ ਜਵਾਬ ਵੋਟ ਪੱਤਰਾਂ ਨਾਲ ਦੇਵਾਂਗੇ। ਪੰਜ ਅਕਤੂਬਰ ਨੂੰ ਯਾਦ ਰੱਖੋ, ਇਹ ਕ੍ਰਿਕੇਟ ਵਿਸ਼ਵ ਕੱਪ ਨਹੀਂ ਬਲਕਿ ਵਿਸ਼ਵ ਦਹਿਸ਼ਤ ਕੱਪ ਦੀ ਸ਼ੁਰੂਆਤ ਹੋਵੇਗੀ। ਗੁਰਪਤਵੰਤ ਸਿੰਘ ਪੰਨੂੰ ਵਲੋਂ ਸੰਦੇਸ਼।’’
ਐਫ਼.ਆਈ.ਆਰ. ’ਚ ਕਿਹਾ ਗਿਆ ਹੈ ਕਿ ਪੰਨੂੰ ਸਿੱਖਾਂ ਅਤੇ ਦੇਸ਼ ਦੇ ਹੋਰ ਫ਼ਿਰਕਿਆਂ ਵਿਚਕਾਰ ਡਰ ਅਤੇ ਦੁਸ਼ਮਣੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਹ ਦੇਸ਼ ’ਚ ਹਿੰਸਕ ਗਤੀਵਿਧੀਆਂ ’ਚ ਸ਼ਾਮਲ ਹੈ। ਪਹਿਲਾਂ ਵੀ ਉਹ ਖ਼ਾਸ ਤੌਰ ’ਤੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਅਜਿਹੀਆਂ ਬਦਨਾਮ ਗਤੀਵਿਧੀਆਂ ’ਚ ਸ਼ਾਮਲ ਰਿਹਾ ਹੈ। ਕ੍ਰਿਕੇਟ ਵਿਸ਼ਕ ਕੱਪ ਪੰਜ ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਸ਼ੁਰੂ ਹੋਵੇਗਾ।
ਪੰਨੂੰ ਨੇ ਕੈਨੇਡਾ ’ਚ 18 ਜੂਨ ਨੂੰ ਖ਼ਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਥਿਤ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਕਾਰ ਕੂਟਨੀਤਕ ਰੇੜਕੇ ਤੋਂ ਬਾਅਦ ਇਹ ਧਮਕੀ ਭਰਿਆ ਸੰਦੇਸ਼ ਦਿਤਾ ਹੈ।