ਕੱਚੇ ਅਧਿਆਪਕ ਵੱਲੋਂ ਮੰਗਾਂ ਨੂੰ ਲੈ ਕੇ 30 ਨੂੰ ਮੋਹਾਲੀ ’ਚ ਰੈਲੀ
ਮੋਹਾਲੀ, 27 ਅਪ੍ਰੈਲ – (ਪੰਜਾਬ ਡਾਇਰੀ) ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਯੂਨੀਅਨ ਵੱਲੋਂ 30 ਅਪ੍ਰੈਲ ਨੂੰ ਮੁਹਾਲੀ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆ ਮੁਕੰਮਲ ਕਰ ਲਈਆ ਗਈਆਂ ਹਨ। ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਮੇਤ ਸਿਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਜੀ ਨੂੰ ਲਿਖਤੀ ਸੱਦਾ ਪੱਤਰ ਭੇਜਿਆ ਗਿਆ ਹੈ ਤਾਂ ਜੋ ਉਹ ਖੁਦ ਕੱਚੇ ਅਧਿਆਪਕਾਂ ਦੀ ਪੀੜ੍ਹਾ ਨੂੰ ਹੱਲ ਕਰਨ ਲਈ ਪੁੱਜਣ ਜਿਵੇਂ ਵੋਟਾਂ ਤੋਂ ਪਹਿਲਾ ਸੁਣਦੇ ਸਨ। ਜੇਕਰ 27 ਨਵੰਬਰ 2021 ਨੂੰ ਕੱਚੇ ਅਧਿਆਪਕਾ ਦੇ ਧਰਨੇ ਦੌਰਾਨ ਸਮੂਹ ਆਮ ਆਦਮੀ ਪਾਰਟੀ ਦੇ ਆਗੂ ਸ਼ਾਮਿਲ ਹੋ ਸਕਦੇ ਹਨ ਤਾਂ ਹੁਣ ਉਹਨਾਂ ਹੀ ਕੱਚੇ ਅਧਿਆਪਕਾ ਤੋਂ ਦੂਰੀ ਕਿਉਂ ਬਣਾਈ ਹੋਈ ਹੈ। ਜੁਝਾਰ ਸਿੰਘ ਸੰਗਰੂਰ ਨੇ ਦੱਸਿਆ ਕਿ ਰੈਲੀ ਵਿੱਚ ਵੱਡੀ ਗਿਣਤੀ ’ਚ ਸਿਖਿਆ ਪ੍ਰੋਵਾਈਡਰ, ਈ. ਜੀ. ਐਸ, ਐਸ. ਟੀ. ਆਰ, ਏ. ਆਈ. ਈ, ਆਈ. ਈ. ਵੀ ਸਾਥੀ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਲਈ ਵੱਖ ਵੱਖ ਸਾਧਨਾਂ ਰਾਹੀਂ ਪੰਜਾਬ ਦੇ ਹਰੇਕ ਖੇਤਰ ਤੋਂ ਸ਼ਾਮਿਲ ਹੋ ਕੇ ਆਪਣੀ ਮੰਗ ਮੁੱਖ ਮੰਤਰੀ, ਸਿਖਿਆ ਮੰਤਰੀ ਤੱਕ ਪੁੱਜਦੀ ਹਰ ਹਾਲ ’ਚ ਕਰਨਗੇ ਤੇ ਤਨਖਾਹ ਵਾਧਾ ਲਾਗੂ ਕਰਵਾਉਣਗੇ। ਉਨ੍ਹਾਂ ਨੇ ਕਿਹਾ ਹੈ ਕਿ ਨਿਗੂਣੀਆਂ ਤਨਖਾਹਾ ਤੋਂ ਤੰਗ ਕੱਚੇ ਅਧਿਆਪਕ ਹੁਣ ਹੋਰ ਆਰਥਿਕ ਸ਼ੋਸ਼ਣ ਬਰਦਾਸ਼ਤ ਨਹੀਂ ਕਰਨਗੇ। ਇਸ ਸਮੇਂ ਸਮੂਹ ਸਹਿਯੋਗੀ ਕਰਮੀਆਂ ਸਮੇਤ ਭਰਾਤਰੀ ਜਥੇਬੰਦੀਆ ਨੂੰ ਸਹਿਯੋਗ ਲਈ ਮੁਹਾਲੀ ਸਿਖਿਆ ਭਵਨ ਸਾਹਮਣੇ ਪੁੱਜਣ ਲਈ ਬੇਨਤੀ ਕੀਤੀ ਜਾਦੀ ਹੈ।