ਖੇਡਾਂ ਵਤਨ ਪੰਜਾਬ ਦੀਆਂ ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਰੰਗਾ ਰੰਗ ਆਗਾਜ਼
ਫਰੀਦਕੋਟ 29 ਅਕਤੂਬਰ (ਪੰਜਾਬ ਡਾਇਰੀ)- ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2 ਅਧੀਨ ਜ਼ਿਲ੍ਹਾ ਫਰੀਦਕੋਟ ਦੀਆਂ ਜ਼ਿਲ੍ਹਾ ਪੱਧਰ ਖੇਡਾਂ ਅੱਜ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਬੜੇ ਰੰਗਾਰੰਗ ਅੰਦਾਜ਼ ਵਿੱਚ ਸ਼ੁਰੂ ਹੋ ਗਈਆਂ। ਇਨ੍ਹਾ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਜਦਕਿ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਐਸ.ਡੀ.ਐਮ ਫਰੀਦਕੋਟ ਮੈਡਮ ਬਲਜੀਤ ਕੌਰ, ਪ੍ਰਿੰਸੀਪਲ ਸ਼੍ਰੀ ਰਾਜੇਸ਼ ਕੁਮਾਰ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ, ਏਸ਼ੀਅਨ ਮੈਡਲਿਸਟ ਖਿਡਾਰਨ ਸਿਫਤ ਕੌਰ ਸਮਰਾ ਦੇ ਪਿਤਾ ਸ. ਪਵਨਦੀਪ ਸਿੰਘ ਸਮਰਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਵਿਧਾਇਕ ਫਰੀਦਕੋਟ ਸ. ਸੇਖੋਂ ਨੇ ਖੇਡਾਂ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਚੰਗੀਆ ਪੁਜੀਸ਼ਨਾ ਹਾਸਲ ਕਰਨ ਦਾ ਆਸ਼ੀਰਵਾਦ ਦਿੱਤਾ। ਇਸ ਮੌਕੇ ਮੌੜ ਇੰਟਰਨੈਸ਼ਨਲ ਗਰੁੱਪ ਵੱਲੋਂ ਮਲਵੱਈ ਗਿੱਧੇ ਦੀ ਪੇਸ਼ਕਾਰੀ ਬੜੇ ਵਧੀਆ ਢੰਗ ਨਾਲ ਕੀਤੀ ਗਈ ਜਿਸਨੇ ਸਮੂਹ ਮਹਿਮਾਨਾਂ ਅਤੇ ਖਿਡਾਰੀਆਂ ਦਾ ਰੱਜਵਾਂ ਮਨੋਰੰਜਨ ਕੀਤਾ।
ਇਸ ਮੌਕੇ ਸ. ਬਲਜਿੰਦਰ ਸਿੰਘ ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੀਆਂ ਇਨ੍ਹਾਂ ਖੇਡਾਂ ਵਿੱਚ 20 ਖੇਡਾਂ ਵਿੱਚ ਕਰਵਾਏ ਜਾ ਰਹੇ ਹਨ ਜਿਸ ਵਿੱਚ ਐਥਲੈਟਿਕਸ, ਬੈਡਮਿੰਟਨ, ਟੇਬਲ ਟੈਨਿਸ, ਚੈੱਸ, ਬਾਸਕਿਟਬਾਲ, ਹੈਂਡਬਾਲ, ਪਾਰਲਿਫਟਿੰਗ, ਵੇਟਲਿਫਟਿੰਗ, ਗੱਤਕਾ, ਕਿੱਕਬਾਕਸਿੰਗ, ਕਬੱਡੀ (ਨੈਸ਼ਨਲ), ਕਬੱਡੀ (ਸਰਕਲ), ਕੁਸ਼ਤੀ, ਫੁੱਟਬਾਲ, ਖੋਹ-ਖੋਹ, ਵਾਲੀਬਾਲ (ਸ਼ੂਟਿੰਗ), ਵਾਲੀਬਾਲ (ਸਮੈਸ਼ਿੰਗ), ਹਾਕੀ, ਤੈਰਾਕੀ ਅਤੇ ਜੁਡੋ ਗੇਮਾ ਸ਼ਾਮਿਲ ਹਨ।
ਇਹ ਖੇਡਾਂ ਨਹਿਰੂ ਸਟੇਡੀਅਮ ਫਰੀਦਕੋਟ, ਹਾਕੀ ਸਟੇਡੀਅਮ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਅਤੇ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਕਰਵਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ 21 ਸਾਲ ਤੋਂ ਉੱਪਰ ਦੇ ਸਾਰੇ ਉਮਰ ਵਰਗ ਮਿਤੀ 29 ਤੋਂ 30 ਸਤੰਬਰ 2023 ਅਤੇ ਅੰਡਰ 14, 17 ਅਤੇ 21 ਦੇ ਖੇਡ ਮੁਕਾਬਲੇ ਮਿਤੀ 01 ਅਕਤੂਬਰ 2023 ਤੋਂ 05 ਅਕਤੂਬਰ 2023 ਤੱਕ ਕਰਵਾਈਆ ਜਾਣਗੀਆਂ। ਇਸ ਮੌਕੇ ਦਫਤਰ ਦੇ ਸਮੂਹ ਕੋਚਿਜ, ਦਫਤਰੀ ਸਟਾਫ ਹਾਜ਼ਰ ਸੀ।