ਖੇਡਾਂ ਵਤਨ ਪੰਜਾਬ ਦੀਆਂ-2023 ਅਧੀਨ ਬਲਾਕ ਪੱਧਰੀ ਖੇਡਾਂ 1 ਸਤੰਬਰ ਤੋਂ
ਫਰੀਦਕੋਟ, 26 ਅਗਸਤ (ਪੰਜਾਬ ਡਾਇਰੀ)- ਪੰਜਾਬ ਸਰਕਾਰ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਬਲਾਕ ਪੱਧਰੀ ਖੇਡਾਂ ਜ਼ਿਲ੍ਹਾ ਫਰੀਦਕੋਟ ਦੇ ਵੱਖ-ਵੱਖ ਬਲਾਕਾਂ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਮਿਤੀ 01 ਸਤੰਬਰ 2023 ਤੋਂ ਸ਼ੁਰੂ ਹੋ ਰਹੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਬਲਜਿੰਦਰ ਸਿੰਘ ਜ਼ਿਲ੍ਹਾ ਖੇਡ ਅਫਸਰ ਫਰੀਦਕੋਟ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਵਿੱਚ ਫੁੱਟਬਾਲ, ਐਥਲੈਟਿਕਸ, ਵਾਲੀਬਾਲ (ਸ਼ੂਟਿੰਗ), ਵਾਲੀਬਾਲ (ਸਮੈਸ਼ਿੰਗ), ਕਬੱਡੀ (ਨੈਸ਼ਨਲ), ਕਬੱਡੀ (ਸਰਕਲ), ਰੱਸਾ-ਕੱਸੀ ਅਤੇ ਖੋਹ-ਖੋਹ ਗੇਮਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਬਲਾਕ ਫਰੀਦਕੋਟ ਅਤੇ ਬਲਾਕ ਕੋਟਕਪੂਰਾ ਦੀਆਂ ਖੇਡਾਂ ਮਿਤੀ 01 ਸਤੰਬਰ 2023 ਤੋਂ 03 ਸਤੰਬਰ 2023 ਤੱਕ ਕਰਵਾਈਆਂ ਜਾਣਗੀਆਂ ਜਿਸ ਵਿੱਚ ਬਲਾਕ ਫਰੀਦਕੋਟ ਦੀਆਂ ਖੇਡਾਂ ਨਹਿਰੂ ਸਟੇਡੀਅਮ ਫਰੀਦਕੋਟ ਅਤੇ ਸਰਕਾਰੀ ਬਲਵੀਰ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਕਰਵਾਈਆਂ ਜਾਣਗੀਆਂ।
ਇਸੇ ਤਰ੍ਹਾਂ ਬਲਾਕ ਕੋਟਕਪੂਰਾ ਦੀਆਂ ਖੇਡਾਂ ਪਿੰਡ ਹਰੀ ਨੌ ਵਿਖੇ ਕਰਵਾਈਆਂ ਜਾਣਗੀਆਂ। ਬਲਾਕ ਜੈਤੋ ਦੀਆਂ ਖੇਡਾਂ ਮਿਤੀ 05 ਸਤੰਬਰ 2023 ਤੋਂ 07 ਸਤੰਬਰ 2023 ਤੱਕ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜੈਤੋ ਵਿਖੇ ਕਰਵਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਵੱਖ-ਵੱਖ ਗੇਮਾਂ ਦੇ ਵੱਖ-ਵੱਖ ਏਜ ਗਰੁੱਪ ਰੱਖੇ ਗਏ ਹਨ ਜਿਨ੍ਹਾ ਵਿੱਚ ਅੰਡਰ 14, 17, 21, 21 ਤੋਂ 30 ਸਾਲ, 31 ਤੋਂ 40 ਸਾਲ, 41 ਤੋਂ 55 ਸਾਲ, 56 ਤੋਂ 65 ਸਾਲ ਅਤੇ 65 ਸਾਲ ਤੋਂ ਉੱਪਰ ਦੇ ਖਿਡਾਰੀਆਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਲਈ ਰਜਿਸਟ੍ਰੇਸ਼ਨ ਕਰਨ ਲਈ www.khedanwatanpunjabdia.com ਤੇ ਲਾਗਿਨ ਕੀਤਾ ਜਾ ਸਕਦਾ ਹੈ। ਟੀਮ ਗੇਮਾਂ ਲਈ ਰਜਿਸਟ੍ਰੇਸ਼ਨ ਕਰਨ ਸਮੇਂ ਪੂਰੀ ਟੀਮ ਦੀ ਰਜਿਸਟ੍ਰੇਸ਼ਨ ਕੇਵਲ ਇੱਕੋ ਹੀ ਆਈਡੀ ਵਿਚੋਂ ਹੋਣੀ ਚਾਹੀਦੀ ਹੈ, ਅਧੂਰੀ ਟੀਮ ਦੀ ਇੰਟਰੀ ਸਵੀਕਾਰ ਨਹੀ ਕੀਤੀ ਜਾਵੇਗੀ।
ਜਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਦਾ ਜਨਮ ਅੰਡਰ 14 ਲਈ 1 ਜਨਵਰੀ 2010 ਤੋ ਬਾਅਦ, ਅੰਡਰ 17 ਲਈ 01 ਜਨਵਰੀ 2007 ਤੋਂ ਬਾਅਦ, ਅੰਡਰ 21 ਲਈ 01 ਜਨਵਰੀ 2003 ਤੋਂ ਬਾਅਦ, 21 ਤੋਂ 30 ਸਾਲ ਲਈ 01 ਜਨਵਰੀ 1994 ਤੋਂ 31 ਦਸੰਬਰ 2002 ਤੱਕ, 31 ਤੋਂ 40 ਸਾਲ ਲਈ ਮਿਤੀ 01 ਜਨਵਰੀ 1984 ਤੋਂ 31 ਦਸੰਬਰ 1993 ਤੱਕ, 41 ਤੋਂ 55 ਸਾਲ ਲਈ ਮਿਤੀ 01 ਜਨਵਰੀ 1969 ਤੋਂ 31 ਦਸੰਬਰ 1983 ਤੱਕ, 56 ਤੋਂ 65 ਸਾਲ ਲਈ ਮਿਤੀ 01 ਜਨਵਰੀ 1959 ਤੋਂ 31 ਦਸੰਬਰ 1968 ਤੱਕ ਅਤੇ 65 ਸਾਲ ਤੋਂ ਉੱਪਰ ਦੇ ਉਮਰ ਵਰਗ ਲਈ 31 ਦਸੰਬਰ 1958 ਜਾਂ ਉਸ ਤੋਂ ਪਹਿਲਾਂ ਦਾ ਹੋਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲਾ ਖਿਡਾਰੀ ਪੰਜਾਬ ਦਾ ਵਸਨੀਕ ਜਾਂ ਪੰਜਾਬ ਦੇ ਕਿਸੇ ਵਿਦਿਅਕ ਅਦਾਰੇ ਵਿੱਚ ਪੜ੍ਹਦਾ ਹੋਣਾ ਚਾਹੀਦਾ ਹੈ ਜਿਸਦੇ ਸਬੰਧ ਵਿੱਚ ਖਿਡਾਰੀ ਕੋਲ ਰਿਹਾਇਸ਼ੀ ਸਰਟੀਫਿਕੇਟ ਜਾਂ ਸਕੂਲ ਦਾ ਆਈਡੀ ਕਾਰਡ ਹੋਣਾ ਚਾਹੀਦਾ ਹੈ।
ਇੱਕ ਖਿਡਾਰੀ ਆਪਣੀ ਉਮਰ ਮੁਤਾਬਿਕ ਇੱਕ ਹੀ ਉਮਰ ਵਰਗ ਵਿੱਚ ਭਾਗ ਲੈ ਸਕਦਾ ਹੈ ਅਤੇ ਉਹ ਵਿਅਕਤੀਗਤ ਖੇਡ ਦੇ ਵੱਧ ਤੋਂ ਵੱਧ 2 ਈਵੈਂਟਾਂ ਵਿੱਚ ਭਾਗ ਲੈ ਸਕਦਾ ਹੈ। ਇਨ੍ਹਾਂ ਖੇਡਾਂ ਵਿੱਚ ਸਾਰੇ ਸਕੂਲ, ਪਿੰਡ, ਰਜਿਸਟਰਡ ਯੂਥ ਕਲੱਬ ਅਤੇ ਰਜਿਸਟਰਡ ਅਕੈਡਮੀਆਂ ਹਿੱਸਾ ਲੈ ਸਕਦੇ ਹਨ। ਖਿਡਾਰੀਆਂ/ਟੀਮਾਂ ਨੂੰ ਆਉਣ-ਜਾਣ ਲਈ ਕੋਈ ਸਫਰੀ ਭੱਤਾ ਮਿਲਣਯੋਗ ਨਹੀਂ ਹੈ।