ਖੇਤਰੀ ਖੋਜ ਕੇਂਦਰ ਵਿਖੇ ਬਰਸਾਤ ਦੇ ਬਾਵਜੂਦ ਕਿਸਾਨ ਮੇਲੇ ਵਿੱਚ ਭਰਵਾਂ ਇਕੱਠ ਵੇਖਣ ਨੂੰ ਮਿਲਿਆ
ਫ਼ਰੀਦਕੋਟ, 19 ਸਤੰਬਰ (ਪੰਜਾਬ ਡਾਇਰੀ)- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ, ਫਰੀਦਕੋਟ ਵਿਖੇ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿੱਚ ਬਰਸਾਤ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸਿ਼ਰਕਤ ਕੀਤੀ । ਵਿਗਿਆਨਕ ਖੇਤੀ ਦੇ ਰੰਗ, ਪੀ.ਏ.ਯੂ ਕਿਸਾਨ ਮੇਲਿਆਂ ਦੇ ਸੰਗਂ ਉਦੇਸ਼ ਨੂੰ ਲੈ ਕੇ ਲਗਾਏ ਗਏ ਇਸ ਕਿਸਾਨ ਮੇਲੇ ਵਿੱਚ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ । ਇਸ ਸਮਾਰੋਹ ਵਿੱਚ ਸ੍ਰੀ ਅਮਨਪ੍ਰੀਤ ਸਿੰਘ ਬਰਾੜ, ਮੈਂਬਰ ਪ੍ਰਬੰਧਕੀ ਬੋਰਡ, ਪੀ.ਏ.ਯੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ।
ਡਾ. ਗੋਸਲ ਨੇ ਦੱਸਿਆ ਕਿ ਭਾਰਤ ਦੀਆਂ ਪ੍ਰਮੁੱਖ ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਪੀ.ਏ.ਯੂ ਨੂੰ ਖੇਤੀ ਖੋਜ, ਪਸਾਰ ਅਤੇ ਅਧਿਆਪਣ ਗਤੀਵਿਧੀਆਂ ਵਿੱਚ ਪਹਿਲਾ ਦਰਜਾ ਹਾਸਲ ਹੋਇਆ ਹੈ ਜਿਸਦਾ ਸਮੁੱਚਾ ਸਿਹਰਾ ਸਾਡੇ ਮਿਹਨਤੀ ਕਿਸਾਨਾਂ ਅਤੇ ਵਿਗਿਆਨੀਆਂ ਨੂੰ ਜਾਂਦਾ ਹੈ । ਪੀ.ਏ.ਯੂ ਵੱਲੋਂ ਵਿਕਸਿਤ ਕੀਤੀ ਕਣਕ ਦੀ ਕਿਸਮ ਪੀ.ਬੀ.ਡਬਲਯੂ 826 ਦੇ ਭਰਵੇਂ ਹੁੰਗਾਰੇ ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਕਿਸਮ ਨੇ ਜੰਮੂ ਤੋਂ ਕਲਕੱਤੇ ਤੱਕ ਆਪਣੀ ਧਾਂਕ ਜਮਾਈ ਹੈ । ਉਨ੍ਹਾਂ ਨੇ ਕਿਸਾਨਾਂ ਨੂੰ ਪੀ.ਏ.ਯੂ ਦੀਆਂ ਸਿਫਾਰਸ਼ਾਂ ਮੁਤਾਬਿਕ ਵਿਗਿਆਨਕ ਖੇਤੀ ਕਰਨ ਲਈ ਪ੍ਰੇਰਦਿਆਂ ਖੇਤੀ ਖਰਚੇ ਘਟਾਉਣ ਅਤੇ ਬੇਲੋੜੇ ਕਰਜਿਆਂ ਤੋਂ ਗੁਰੇਜ਼ ਕਰਨ ਲਈ ਕਿਹਾ।
ਇਸ ਮੌਕੇ ਅਗਾਂਹਵਧੂ ਕਿਸਾਨ, ਉੱਘੇ ਕਿੰਨੂ ਉਤਪਾਦਕ ਅਤੇ ਮੈਂਬਰ ਪ੍ਰਬੰਧਕੀ ਬੋਰਡ, ਪੀ.ਏ.ਯੂ ਸ੍ਰੀ ਅਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਅੱਜ ਕਣਕ, ਝੋਨੇ ਅਤੇ ਕਪਾਹ ਦੇ ਖੇਤਰ ਵਿੱਚ ਕੌਮੀ ਪੱਧਰ ਤੇ ਭਰਪੂਰ ਯੋਗਦਾਨ ਪਾ ਰਿਹਾ ਹੈ ਪਰ ਇਸ ਨਾਲ ਸਾਡੇ ਵਾਤਾਵਰਨ ਅਤੇ ਕੁਦਰਤੀ ਸੋਮਿਆਂ ਦਾ ਬਹੁਤ ਘਾਣ ਹੋ ਰਿਹਾ ਹੈ ।
ਇਸ ਮੌਕੇ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀ.ਏ.ਯੂ ਨੇ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਅਤਿ ਆਧੁਨਿਕ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਹੁਣ ਤੱਕ ਵੱਖ- ਵੱਖ ਫਸਲਾਂ ਦੀਆਂ 940 ਕਿਸਮਾਂ ਦੀ ਖੋਜ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ 229 ਕਿਸਮਾਂ ਦੀ ਕੌਮੀ ਪੱਧਰ ਤੇ ਕਾਸ਼ਤ ਲਈ ਪਛਾਣ ਕੀਤੀ ਗਈ ਹੈ । ਉਨ੍ਹਾਂ ਨੇ ਯੂਨੀਵਰਸਿਟੀ ਮਾਹਿਰਾਂ ਵੱਲੋਂ ਵਿਕਸਿਤ ਕੀਤੀਆਂ ਕਣਕ ਦੀਆਂ ਨਵੀਆਂ ਕਿਸਮਾਂ ਪੀ.ਬੀ.ਡਬਲਯੂ ਜਿੰਕ-2, ਚਪਾਤੀ-1 ਅਤੇ ਪੀ ਬੀ ਡਬਲਯੂ ਆਰ ਐਸ-1, ਛੋਲਿਆਂ ਦੀ ਕਿਸਮ ਪੀ ਬੀ ਜੀ-10, ਮਟਰਾਂ ਦੀ ਕਿਸਮ ਆਈ ਪੀ ਐਫ ਡੀ-12 ਤੋਂ ਇਲਾਵਾ ਚਾਰੇ ਦੀ ਕਿਸਮ ਜੇ-1008 ਅਤੇ ਗੋਭੀ ਸਰੋਂ ਕਨੋਲਾ ਦੀ ਕਿਸਮ ਜੀ ਐਸ ਸੀ-7 ਬਾਰੇ ਵੀ ਜਾਣਕਾਰੀ ਦਿੱਤੀ ।
ਇਸ ਮੌਕੇ ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ ਨੇ ਆਉਣ ਵਾਲੀ ਫ਼ਸਲ ਦੇ ਸਫਲਤਾਪੂਰਵਕ ਨੇਪਰੇ ਚੜ੍ਹਣ ਦੀ ਕਾਮਣਾ ਕਰਦਿਆਂ ਕਿਸਾਨਾਂ ਨੂੰ ਪੀ.ਏ.ਯੂ ਵੱਲੋਂ ਪ੍ਰਕਾਸਿ਼ਤ ਕੀਤੇ ਜਾਂਦੇ ਖੇਤੀ ਸਾਹਿਤ, ਯੂ-ਟਿਊਬ ਚੈਨਲ ਅਤੇ ਵਟਸਐਪ ਗਰੁੱਪਾਂ ਨਾਲ ਜੁੜਣ ਦੀ ਸਿਫਾਰਿਸ਼ ਕੀਤੀ ।
ਸਮਾਰੋਹ ਦਾ ਮੰਚ ਸੰਚਾਲਨ ਕਰਦਿਆਂ ਡਾ. ਤੇਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ, ਪੀ.ਏ.ਯੂ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਹੁਨਰ ਵਿਕਾਸ ਕੇਂਦਰ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੇ ਉਦਮ… ਅਤੇ ਉਡਾਣ… ਸਕੀਮਾਂ ਬਾਰੇ ਵਿਸਥਾਰਪੂਰਵਕ ਦੱਸਿਆ ।ਅੰਤ ਵਿੱਚ ਧੰਨਵਾਦ ਦੇ ਸ਼ਬਦ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਕਹੇ ।
ਇਸ ਮੌਕੇ ਯੂਨੀਵਰਸਿਟੀ ਦੇ ਵੱਖ- ਵੱਖ ਵਿਭਾਗਾਂ, ਸਵੈ ਸੇਵੀ ਸੰਸਥਾਵਾਂ, ਨਿੱਜੀ ਮਸ਼ੀਨਰੀ ਨਿਰਮਾਤਾਵਾਂ, ਖੇਤੀ ਸਾਹਿਤ ਪ੍ਰਕਾਸ਼ਕਾਂ, ਬਾਗਬਾਨੀ ਨਰਸਰੀਆਂ ਅਤੇ ਬੀਜ ਉਤਪਾਦਕਾਂ ਦੇ ਨਾਲ-ਨਾਲ ਪ੍ਰੋਸੈਸਿੰਗ ਸਮੂਹਾਂ ਵੱਲੋਂ ਪ੍ਰਦਰਸ਼ਨੀਆਂ ਅਤੇ ਸਟਾਲ ਲਗਾਏ ਗਏ।