ਖੇਤੀ ਵਿਰਾਸਤ ਮਿਸ਼ਨ ਵੱਲੋਂ ਕੁਦਰਤ ਉਤਸਵ ਅਤੇ ਸੰਵਾਦ ਸਮਾਗਮ ਦਾ ਆਯੋਜਨ
ਮੂਲ ਅਨਾਜ ਦੀ ਵਰਤੋਂ ਸਮੇਂ ਦੀ ਲੋੜ-ਸੰਧਵਾਂ
ਫਰੀਦਕੋਟ, 26 ਅਪ੍ਰੈਲ – (ਗੁਰਮੀਤ ਸਿੰਘ ਬਰਾੜ) ਖੇਤੀ ਵਿਰਾਸਤ ਮਿਸ਼ਨ ਜੈਤੋ ਅਤੇ ਸੰਗੀਤ ਵਿਭਾਗ ਬਰਜਿੰਦਰਾ ਕਾਲਜ ਫਰੀਦਕੋਟ ਵੱਲੋਂ ਭਾਈ ਘਨੱਈਆ ਕੈਂਸਰ ਰੋਕੋ ਸੁਸਾਇਤੀ ਦੇ ਸਹਿਯੋਗ ਨਾਲ ਕੁਦਰਤ ਉਤਸਵ ਅਤੇ ਸੰਵਾਦ ਤਹਿਤ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇਸੰਸ ਦੇ ਸੈਨੇਟ ਹਾਲ ਵਿਖੇ ਕੁਦਰਤ ਕਾ ਸੁਰ ਸੰਗੀਤ ਅਤੇ ਕੁਦਰਤੀ ਅਨਾਜ ਪ੍ਰੀਤੀ ਭੋਜ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਸ੍ਰੀ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਡਾ. ਰਾਜ ਬਹਾਦਰ ਉੱਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਨੇ ਕੀਤੀ। ਇਸ ਮੌਕੇ ਸ. ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ, ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਅਤੇ ਸ੍ਰੀ ਅਮਲੋਕ ਸਿੰਘ ਵਿਧਾਇਕ ਜੈਤੋ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਸਮਾਗਮ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਕੇ ਕੀਤੀ ਗਈ ਅਤੇ ਪ੍ਰੋ. ਅਰੁਣਾ ਰੰਦੇਵ ਵੱਲੋਂ ਸਰਸਵਤੀ ਵੰਦਨਾ ਦਾ ਗਾਇਨ ਕੀਤਾ ਗਿਆ । ਸਮਾਗਮ ਨੂੰ ਸੰਬੋਧਨ ਕਰਦਿਆਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਖੇਤੀ ਵਿਰਾਸਤ ਮਿਸ਼ਨ ਵੱਲੋਂ ਕੁਦਰਤੀ ਖੇਤੀ ਅਤੇ ਮੂਲ ਅਨਾਜ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਮੁਹਿੰਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਅੱਜ ਵੱਡੀ ਗਿਣਤੀ ਵਿੱਚ ਲੋਕ ਆਪਣੇ ਮੁੱਢਲੇ ਅਨਾਜਾਂ ਨੂੰ ਭੁੱਲ ਕੇ ਜਹਿਰ ਯੁਕਤ ਪਦਾਰਥਾਂ ਦੇ ਖਾਣ ਨਾਲ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਸਾਨੂੰ ਸਾਰਿਆਂ ਨੂੰ ਇਸ ਪ੍ਰਤੀ ਜਾਗਰੂਕ ਹੋ ਕੇ ਆਪਣੇ ਮੁੱਢਲੇ ਅਨਾਜਾਂ ਕੋਧਰਾ, ਕੰਗਨੀ, ਸੰਵਾਂਕ, ਗੁੱਟਕੀ, ਬਾਜਰਾ, ਜਵਾਰ ਵਰਗੇ ਅਨਾਜਾਂ ਵੱਲ ਮੁੜਨਾ ਪਵੇਗਾ ਅਤੇ ਇਨ੍ਹਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣਾ ਪਵੇਗਾ।
ਸਮਾਗਮ ਨੂੰ ਸੰਬੋਧਿਤ ਕਰਦਿਆਂ ਉਪ ਕੁਲਪਤੀ ਡਾ. ਰਾਜ ਬਹਾਦਰ, ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਸਮੇਤ ਵੱਡੀ ਗਿਣਤੀ ਵਿੱਚ ਬੁਲਾਰਿਆਂ ਨੇ ਕਿਹਾ ਕਿ ਮਨੁੱਖੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਕੁਦਰਤੀ ਢੰਗ ਨਾਲ ਉਗਾਈ ਗਈ ਪੋਸ਼ਣ ਯੁਕਤ ਖੁਰਾਕ ਜਿੰਨਾ ਨੂੰ ਅਸੀਂ ਮੂਲ ਅਨਾਜ ਕਹਿੰਦੇ ਹਾਂ ਅਪਣਾਉਣਾ ਚਾਹੀਦਾ ਹੈ ਅਤੇ ਇਸ ਸਮੁੱਚੇ ਕੰਮ ਵਿੱਚ ਸਮਾਜ ਅਤੇ ਸਰਕਾਰ ਨੂੰ ਮਿਲ ਕੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਸਮਾਗਮ ਦੇ ਸੰਯੋਜਕ ਸ੍ਰੀ ਓਮਿੰਦਰ ਦੱਤ ਕਾਰਜਕਾਰੀ ਨਿਰਦੇਸ਼ਕ ਖੇਤੀ ਵਿਰਾਸਤ ਮਿਸ਼ਨ ਨੇ ਦੱਸਿਆ ਕਿ ਜ਼ਹਿਰ ਮੁਕਤ ਖੁਰਾਕ ਅਤੇ ਪੋਸ਼ਣ ਯੁਕਤ ਆਹਾਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਖੇਤੀ ਵਿਰਾਸਤ ਮਿਸ਼ਨ ਵੱਲੋਂ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਕੁਦਰਤ ਉਤਸਵਾਂ ਅਤੇ ਸੰਵਾਦਾਂ ਦੀ ਲੜੀ ਦਾ ਆਯੋਜਨ ਕਰ ਰਹੇ ਹਾਂ ਜਿਸ ਤਹਿਤ ਪੰਜਾਬ ਦਾ ਇਹ ਪਹਿਲਾਂ ਸਮਾਗਮ ਹੈ। ਇਸ ਮੌਕੇ ਸੰਸਥਾ ਵੱਲੋਂ ਵੱਖ ਵੱਖ ਮੂਲ ਅਨਾਜਾਂ ਨਾਲ ਸਬੰਧਤ ਭੋਜਨ ਵੀ ਹਾਜਰੀਨ ਨੂੰ ਛਕਾਇਆ ਗਿਆ।
ਇਸ ਸਮਾਗਮ ਵਿੱਚ ਐਸ.ਡੀ.ਐਮ. ਮੈਡਮ ਬਲਜੀਤ ਕੌਰ, ਡਾ. ਕਿਰਨਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਡਾ. ਪਰਮਿੰਦਰ ਸਿੰਘ ਪ੍ਰਿੰਸੀਪਲ ਬਰਜਿੰਦਰਾ ਕਾਲਜ, ਡਾ. ਅਮਨਦੀਪ ਕੇਸ਼ਵ ਪ੍ਰੋਜੈਕਟ ਡਾਇਰੈਕਟਰ ਆਤਮਾ, ਸ੍ਰੀ ਗੁਰਪ੍ਰੀਤ ਸਿੰਘ ਚੰਦਬਾਜਾ, ਪ੍ਰੋ ਰਾਜੇਸ਼ ਮੋਹਨ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।