ਗਿਣਤੀ ਤੋਂ ਇੱਕ ਦਿਨ ਪਹਿਲਾਂ ਵੀ ਜਿੱਤ-ਹਾਰ ਦੀਆਂ ਲੱਗੀਆਂ ਸ਼ਰਤਾਂ
ਅਕਾਲੀ ਤੇ ਕਾਂਗਰਸੀ ਸਮਰੱਥਕਾਂ ਵੱਲੋਂ ਚੋਣ ਸਰਵੇਖਣ ਰੱਦ
ਫ਼ਰੀਦਕੋਟ, 9 ਮਾਰਚ – (ਪ੍ਰਸ਼ੋਤਮ ਕੁਮਾਰ) ਫ਼ਰੀਦਕੋਟ ਜਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ ਤੱਕ ਵੀ ਉਮੀਦਵਾਰਾਂ ਦੇ ਸਮਰੱਥਕਾਂ ਵੱਲੋਂ ਜਿੱਤ-ਹਾਰ ਦੀਆਂ ਸ਼ਰਤਾਂ ਲਾਈਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਅਤੇ ਕਾਂਗਰਸ ਪਾਰਟੀ ਦੇ ਸਮਰੱਥਕਾਂ ਨੇ ਦੋ ਦਿਨ ਪਹਿਲਾਂ ਨਿੱਜੀ ਚੈਨਲਾਂ ਵੱਲੋਂ ਕੀਤੇ ਗਏ ਚੋਣ ਸਰਵਿਆਂ ਨੂੰ ਰੱਦ ਕਰਦਿਆਂ ਆਪੋ-ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਜਿੱਤਣ ਦਾ ਦਾਅਵਾ ਕੀਤਾ ਹੈ। ਕਾਂਗਰਸੀ ਆਗੂ ਸੁਖਚੈਨ ਸਿੰਘ ਨੇ ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਜੇਤੂ ਹੋਣ ਦੀ ਇੱਕ ਲੱਖ ਰੁਪਏ ‘ਚ ਸ਼ਰਤ ਲਾਈ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਖਾਸ ਮੰਨੇ ਜਾਂਦੇ ਮਨਦੀਪ ਟੱਕਰ ਨੇ ਵੀ ਇੱਕ ਲੱਖ ਰੁਪਏ ਦੀ ਸ਼ਰਤ ਲਾਈ ਹੈ। ਇਹ ਦੋਵੇਂ ਆਗੂ ਆਪੋ-ਆਪਣੇ ਉਮੀਦਵਾਰ ਜਿੱਤਣ ਦਾ ਦਾਅਵਾ ਕਰ ਰਹੇ ਹਨ ਅਤੇ ਇਹਨਾਂ ਨੇ ਜਿੱਤ ਹਾਰ ਦੀ ਲੱਗੀ ਸ਼ਰਤ ਬਾਰੇ ਤਹਿਸੀਲ ਵਿੱਚ ਬਕਾਇਦਾ ਤੌਰ ‘ਤੇ ਅਸ਼ਟਾਮ ਉੱਪਰ ਲਿਖਤ ਕੀਤੀ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਦੇ ਸਮਰੱਥਕਾਂ ਵੱਲੋਂ ਵੀ ਵੱਡੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਿੰਡ ਸਾਦਿਕ, ਗੋਲੇਵਾਲਾ ਅਤੇ ਸਾਧਾਂਵਾਲਾ ਵਿੱਚ ਗੁਰਦਿੱਤ ਸਿੰਘ ਸੇਖੋਂ ਦੀ ਜਿੱਤ ਬਾਰੇ ਵੀ ਸ਼ਰਤਾਂ ਲੱਗੀਆਂ ਹਨ। ਇਸ ਤੋਂ ਇਲਾਵਾ ਅੱਧੀ ਦਰਜਨ ਹੋਰ ਸਮਰੱਥਕਾਂ ਵੱਲੋਂ ਵੀ ਜਿੱਤ ਹਾਰ ਦੀਆਂ ਸ਼ਰਤਾਂ ਲਾਈਆਂ ਗਈਆਂ ਹਨ। ਚੋਣ ਨਤੀਜਿਆਂ ਬਾਰੇ ਉਮੀਦਵਾਰਾਂ ਦੇ ਸਮਰੱਥਕਾਂ ਦੀ ਉਤਸੁਕਤਾ ਨੂੰ ਦੇਖਦਿਆਂ ਹੋਇਆਂ ਜਿਲ੍ਹਾਂ ਪੁਲੀਸ ਨੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਜਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਨੇ ਕਿਹਾ ਕਿ ਗਿਣਤੀ ਤੋਂ 12 ਘੰਟੇ ਪਹਿਲਾਂ ਹੀ ਫ਼ਰੀਦਕੋਟ ਜਿਲ੍ਹੇ ਵਿੱਚ ਸੁਰੱਖਿਆ ਪ੍ਰਬੰਧ ਚੌਕਸ ਕਰ ਦਿੱਤੇ ਗਏ ਹਨ। ਗਿਣਤੀ ਤੋਂ ਕੁਝ ਘੰਟੇ ਪਹਿਲਾਂ ਵੀ ਉਮੀਦਵਾਰ ਸ਼ੋਸ਼ਲ ਮੀਡੀਆ ਉੱਪਰ ਵੋਟਰਾਂ ਦਾ ਮਨ ਬੁੱਝਣ ਵਿੱਚ ਲੱਗੇ ਹੋਏ ਹਨ। ਗਿਣਤੀ ਵਾਲੇ ਦਿਨ ਚੋਣ ਨਤੀਜੇ ਜਾਣਨ ਲਈ ਸ਼ਹਿਰ ਵਿੱਚ ਕੁਝ ਥਾਵਾਂ ਲੋਕਾਂ ਵੱਲੋਂ ਨਿੱਜੀ ਤੌਰ ‘ਤੇ ਵਿਸ਼ੇਸ਼ ਸੂਚਨਾ ਕੇਂਦਰ ਸਥਾਪਿਤ ਕੀਤੇ ਗਏ ਹਨ। ਗਿਣਤੀ ਦੌਰਾਨ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਅਤੇ ਉਹਨਾਂ ਦੇ ਨੁਮਾਇੰਦੇ ਗਿਣਤੀ ਵਾਲੇ ਸਥਾਨ ‘ਤੇ ਹਾਜਰ ਰਹਿਣਗੇ। ਪੁਲੀਸ ਨੇ ਗਿਣਤੀ ਵਾਲੀ ਥਾਂ ਦੇ ਆਸ-ਪਾਸ ਵੱਡੇ ਪੱਧਰ ‘ਤੇ ਨਾਕੇਬੰਦੀ ਕੀਤੀ ਹੋਈ ਹੈ।
ਕੈਪਸ਼ਨ: ਅਕਾਲੀ ਦਲ ਤੇ ਕਾਂਗਰਸ ਪਾਰਟੀ ਦਰਮਿਆਨ ਜਿੱਤ-ਹਾਰ ਦੀ ਲੱਗੀ ਸ਼ਰਤ ਸੰਬੰਧੀ ਲਿਖਤ।