ਗੁਰਦਾਸ ਮਾਨ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸਬੰਧਤ ਹੈ ਮਾਮਲਾ
ਚੰਡੀਗੜ੍ਹ, 14 ਜੂਨ (ਡੇਲੀ ਪੋਸਟ ਪੰਜਾਬੀ)- ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਹੈ। ਮਾਮਲਾ 2021 ਵਿਚ ਨਕੋਦਰ ‘ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸਬੰਧਤ ਸੀ। ਦੱਸ ਦੇਈਏ ਕਿ HC ਨੇ ਸ਼ਿਕਾਇਤ ਰੱਦ ਕਰਨ ਨੂੰ ਮਨਜ਼ੂਰੀ ਦਿੱਤੀ ਹੈ ਤੇ ਨਕੋਦਰ ਕੋਰਟ ‘ਚ ਸ਼ਿਕਾਇਤ ਪਹਿਲਾਂ ਹੀ ਰੱਦ ਹੋ ਚੁੱਕੀ ਹੈ। ਨਕੋਦਰ ਕੋਰਟ ਨੇ ਇਸ ਸ਼ਿਕਾਇਤ ਨੂੰ 22 ਫਰਵਰੀ ਨੂੰ ਰੱਦ ਕਰ ਦਿੱਤਾ ਸੀ। ਸ਼ਿਕਾਇਤ ਰੱਦ ਕਰਨ ਦੇ ਫੈਸਲੇ ਲਈ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਨੂੰ ਅੱਜ ਰੱਦ ਕਰ ਦਿੱਤਾ ਗਿਆ ਹੈ।
2021 ਵਿਚ ਪਟੀਸ਼ਨਰ ਹਰਜਿੰਦਰ ਸਿੰਘ ਉਰਫ ਝੀਂਡਾ ਨੇ ਧਾਰਾ 295-ਏ ਅਧੀਨ 26 ਦੋਸ਼ਾਂ ਵਾਲੀ FIR ਨਕੋਦਰ ਸਿਟੀ ਪੁਲਿਸ ਸਟੇਸ਼ਨ ਵਿਖੇ ਦਰਜ ਕਰਾਈ ਸੀ। ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਗੁਰਦਾਸ ਮਾਨ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਸਿੱਖ ਗੁਰੂ ਅਮਰਦਾਸ ਜੀ ਅਤੇ ਲਾਡੀ ਸਾਈਂ ਜੀ ਇਕ ਹੀ ਵੰਸ਼ ਦੇ ਸਨ, ਜਿਸ ਤੋਂ ਬਾਅਦ ਉਹ ਵਿਵਾਦਾਂ ‘ਚ ਘਿਰ ਗਏ ਸਨ। ਹਾਲਾਂਕਿ ਗੁਰਦਾਸ ਮਾਨ ਨੇ ਇਸ ਲਈ ਜਨਤਕ ਤੌਰ ‘ਤੇ ਮਾਫੀ ਵੀ ਮੰਗੀ ਸੀ ਪਰ ਫਿਰ ਵੀ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ।