ਗੁਰਦਿੱਤ ਸੇਖੋਂ ਨੇ ਜਿੱਤ ਦਾ ਸਰਟੀਫ਼ਿਕੇਟ ਲੈ ਸਭ ਤੋਂ ਪਹਿਲਾਂ ਬਾਸਕਟਬਾਲ ਗਰਾਊਂਡ ਨੂੰ ਮੱਥਾ ਟੇਕਿਆ
ਸੀਨੀਅਰ ਨੈਸ਼ਨਲ ਲੈਵਲ ਤੱਕ ਪੰਜਾਬ ਦਾ ਨਾਮ ਰੋਸ਼ਨ ਕਰ ਚੁੱਕੇ ਹਨ ਗੁਰਦਿੱਤ ਸਿੰਘ ਸੇਖੋਂ
ਫ਼ਰੀਦਕੋਟ, ਮਾਰਚ 14 – ਆਮ ਆਦਮੀ ਪਾਰਟੀ (ਆਪ) ਦੇ ਫ਼ਰੀਦਕੋਟ ਤੋਂ ਜੇਤੂ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਜਿੱਤ ਦਾ ਸਰਟੀਫ਼ਿਕੇਟ ਲੈਣ ਉਪਰੰਤ ਸਭ ਤੋਂ ਪਹਿਲਾਂ ਆਪਣੇ ਬਾਸਕਟਬਾਲ ਗਰਾਊਂਡ ਜਾ ਕੇ ਮੱਥਾ ਟੇਕਿਆ। ਗੁਰਦਿੱਤ ਸਿੰਘ ਸੇਖੋਂ ਨੇ ਹਲਕਾ ਫ਼ਰੀਦਕੋਟ ਦੀ ਤਿਕੋਣੀ ਲੜਾਈ ਵਿੱਚ ਅਕਾਲੀ ਦਲ ਦੇ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਕਾਂਗਰਸ ਦੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਹਰਾਇਆ ਅਤੇ 16,797 ਵੋਟਾਂ ਨਾਲ ਵੱਡੀ ਜਿੱਤ ਹਾਸਿਲ ਕੀਤੀ ਹੈ। ਗੁਰਦਿੱਤ ਸਿੰਘ ਸੇਖੋਂ ਇੱਕ ਸਾਬਕਾ ਬਾਸਕਟਬਾਲ ਖਿਡਾਰੀ ਹਨ ਅਤੇ ਉਹਨਾਂ ਸੀਨੀਅਰ ਨੈਸ਼ਨਲ ਲੈਵਲ ਤੱਕ ਆਪਣਾ ਨਾਮ ਰੋਸ਼ਨ ਕੀਤਾ ਅਤੇ ਉਸਤੋਂ ਬਾਅਦ ਬਾਬਾ ਫ਼ਰੀਦ ਬਾਸਕਟਬਾਲ ਕਲੱਬ ਰਾਹੀਂ ਹਜ਼ਾਰਾਂ ਬੱਚਿਆਂ ਨੂੰ ਖੇਡਾਂ ਨਾਲ ਜੋੜਿਆ ਅਤੇ ਉਹਨਾਂ ਨੂੰ ਚੰਗੀ ਜੀਵਨ ਸੇਧ ਦਿੱਤੀ। ਅੱਜ ਫਰੀਦਕੋਟ ਦੇ ਐੱਮ.ਐੱਲ.ਏ ਬਣਨ ‘ਤੇ ਵੀ ਉਹ ਸਭ ਤੋਂ ਪਹਿਲਾਂ ਆਪਣੇ ਗਰਾਊਂਡ ਨੂੰ ਸਿਜਦਾ ਕਰਨ ਪਹੁੰਚੇ ਜਿੱਥੋਂ ਆਪਣਾ ਕਰੀਅਰ ਸ਼ੁਰੂ ਕਰ ਉਹਨਾਂ ਨੇ ਅੱਜ ਇੱਥੋਂ ਤੱਕ ਦਾ ਸਫ਼ਰ ਤੈਅ ਕੀਤਾ ਹੈ। ਗੁਰਦਿੱਤ ਸਿੰਘ ਸੇਖੋਂ ਨੇ ਪਹਿਲਾਂ ਸਪੋਰਟਸ ਕੋਟੇ ਵਿੱਚ ਪੰਜਾਬ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਉਹ ਆਪਣੇ ਰਾਜਨੀਤਿਕ ਸਫ਼ਰ ਵਿੱਚ ਖੇਡਾਂ ਦੀ ਭੂਮਿਕਾ ਨੂੰ ਵਿਸ਼ੇਸ਼ ਮੰਨਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਜੀਵਨ ਵਿੱਚ ਅਨੁਸ਼ਾਸ਼ਿਤ ਬਣਾਉਣ ਲਈ ਖੇਡਾਂ ਸਭ ਤੋਂ ਚੰਗਾ ਮਾਧਿਅਮ ਹਨ ਅਤੇ ਉਹ ਬਤੌਰ ਵਿਧਾਇਕ ਵੀ ਫ਼ਰੀਦਕੋਟ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪਹਿਲ ਦੇ ਅਧਾਰ ‘ਤੇ ਕੰਮ ਕਰਨਗੇ।