ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਕੜਾਹ-ਪ੍ਰਸ਼ਾਦ ਦੇ ਨਵੇਂ ਕਾਊਂਟਰ ਦਾ ਉਦਘਾਟਨ
ਫ਼ਰੀਦਕੋਟ, 17 ਜੁਲਾਈ (ਪੰਜਾਬ ਡਾਇਰੀ)- ਬਾਬਾ ਫ਼ਰੀਦ ਜੀ ਦੀ ਚਰਨ-ਛੋਹ ਪ੍ਰਾਪਤ ਨਗਰੀ ਫ਼ਰੀਦਕੋਟ ਵਿਖੇ ਬਾਬਾ ਫ਼ਰੀਦ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਕੜਾਹ-ਪ੍ਰਸ਼ਾਦ ਦੀ ਪਰਚੀ ਲਈ ਇੱਕ ਨਵੇਂ ਕਾਊਂਟਰ ਦਾ ਆਯੋਜਨ ਕੀਤਾ ਗਿਆ । ਇਸ ਕਾਊਂਟਰ ਦਾ ਉਦਘਾਟਨ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਨੇ ਆਪਣੇ ਸ਼ੁਭ ਕਰ-ਕਮਲਾਂ ਨਾਲ ਕੀਤਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬਾਬਾ ਫ਼ਰੀਦ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਡਾ. ਗੁਰਇੰਦਰ ਮੋਹਨ ਸਿੰਘ ਜੀ ਨੇ ਦੱਸਿਆ ਕਿ ਪਹਿਲਾਂ ਇਹ ਕਾਉਂਟਰ ਗੁਰਦੁਆਰਾ ਹਾਲ ਦੇ ਅੰਦਰ ਸ਼ੁਸ਼ੋਭਿਤ ਸੀ। ਪਰ ਇਸ ਅਸਥਾਨ ਵਿਖੇ ਬਾਬਾ ਫ਼ਰੀਦ ਜੀ ਅਥਾਹ ਕਿਰਪਾ ਅਤੇ ਉਨ੍ਹਾਂ ਪ੍ਰਤੀ ਅਕੀਦਤ ਨੂੰ ਮੁੱਖ ਰੱਖਦਿਆਂ ਸੰਗਤਾਂ ਦੀ ਆਮਦ ਪਹਿਲਾਂ ਨਾਲੋਂ ਵਧੇਰੇ ਹੋ ਗਈ ਹੈ। ਜਿਸ ਕਾਰਨ ਇਸ ਹਾਲ ਦੇ ਅੰਦਰ ਕੜਾਹ-ਪ੍ਰਸ਼ਾਦ ਲਈ ਪਰਚੀ ਕੱਟਣ ਦੀ ਜਗ੍ਹਾ ਲਈ ਕਮੀ ਮਹਿਸੂਸ ਹੋਣ ਲੱਗੀ ਸੀ । ਸੰਗਤਾਂ ਦੀ ਇਸ ਪਰੇਸ਼ਾਨੀ ਨੂੰ ਮੁੱਖ ਰੱਖਦਿਆਂ ਹੀ ਇਹ ਕਾਊਂਟਰ ਹਾਲ ਦੇ ਬਾਹਰ ਲਗਾਇਆ ਗਿਆ ਹੈ ਤਾਂ ਜੋ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਉਠਾਉਣੀ ਪਵੇ । ਇਸ ਮੌਕੇ ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਫ਼ਰੀਦ ਜੀ ਨੇ ਹਮੇਸ਼ਾ ਹੀ ਉਨ੍ਹਾਂ ਨੂੰ ਜੋ ਸੇਵਾ ਸੌਂਪੀ ਹੈ, ਉਹ ਆਪਣੇ ਤਨ, ਮਨ ਅਤੇ ਧਨ ਨਾਲ ਉਸ ਸੇਵਾ ਨੂੰ ਪੂਰੀ ਕਰਨ ਲਈ ਹਮੇਸ਼ਾ ਹੀ ਯਤਨਸ਼ੀਲ ਰਹੇ ਹਨ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਦੇ ਹਿੱਸੇ ਆਈ ਸੇਵਾ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ।