ਗੁਰਬਾਣੀ ਦੇ ਪ੍ਰਸਾਰਣ ‘ਤੇ ਕਿਸ ਦਾ ਹੱਕ ? SGPC ਪ੍ਰਧਾਨ ਸਬੂਤਾਂ ਨਾਲ ਆਏ ਸਾਹਮਣੇ, ਸਰਕਾਰ ਨੂੰ ਦਿਖਾਇਆ ਸ਼ੀਸ਼ਾ
ਸ੍ਰੀ ਅਮ੍ਰਿਤਸਰ ਸਾਹਿਬ, 19 ਜੂਨ (ਏਬੀਪੀ ਸਾਂਝਾ)- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਕਰਨ ਦੇ ਐਲਾਨ ਤੋਂ ਬਾਅਦ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਸਰਕਾਰ ਅੱਗੇ ਵੱਡੇ ਸਵਾਲ ਖੜ੍ਹੇ ਕੀਤੇ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰਦੁਆਰਾ ਐਕਟ ਵਿੱਚ ਸੋਧ ਕਰਨਾ ਇਹ ਸਟੇਟ ਦਾ ਮੁੱਦਾ ਨਹੀਂ ਹੈ। ਸੂਬਾ ਸਰਕਾਰ ਕੋਲ ਕੋਈ ਹੱਕ ਨਹੀਂ ਹੈ ਕਿ ਉਹ ਗੁਰਦੁਆਰਾ ਐਕਟ ਵਿੱਚ ਸੋਧ ਕਰੇ।
ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਤੁਸੀਂ ਧਾਰਮਿਕ ਮੁੱਦੇ ਦਾ ਸਿਆਸੀਕਰਨ ਕਰਕੇ ਇਸ ਨੂੰ ਵਿਧਾਨ ਸਭਾ ਵਿੱਚ ਲੈ ਕੇ ਜਾ ਰਹੇ ਹੋ। ਇਸ ‘ਤੇ ਤੁਹਾਨੂੰ ਕੋਈ ਅਧਿਕਾਰੀ ਨਹੀਂ ਹੈ। ਪਹਿਲਾਂ ਪੰਜਾਬ ਸਰਕਾਰ ਕਹਿੰਦੀ ਸੀ ਕਿ ਗੁਰਬਾਣੀ ਦੇ ਪ੍ਰਸਾਰਣ ਦਾ ਅਧਿਕਾਰੀ ਸਿਰਫ਼ ਇੱਕ ਚੈਨਲ ਨੂੰ ਦਿੱਤਾ ਹੋਇਆ ਹੈ ਪਰ ਹੁਣ ਜਦੋਂ ਅਸੀਂ (ਸ਼੍ਰੋਮਣੀ ਕਮੇਟੀ) ਗੁਰਬਾਣੀ ਦੇ ਪ੍ਰਸਾਰਣ ਲਈ ਟੈਂਡਰ ਕੱਢਣ ਜਾ ਰਹੀ ਹੈ ਤਾਂ ਤੁਸੀਂ ਉਸ ਵਿੱਚ ਵੀ ਦਖਲਅੰਦਾਜ਼ੀ ਕਰ ਰਹੇ ਹੋ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਧਾਰਮਿਕ ਮੁੱਦੇ ਦਾ ਸਿਆਸੀਕਰਨ ਕਰਨਾ ਅਸੀਂ ਇਸ ਦੀ ਨਿੰਦਾ ਕਰਦੇ ਹਾਂ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਲ ਇੰਡੀਆ ਗੁਰਦੁਆਰਾ ਐਕਟ ਦੀਆਂ ਧਾਰਾਵਾਂ ਪੜ੍ਹ ਕੇ ਵੀ ਸੁਣਾਈਆਂ ਤੇ ਕਿਹਾ ਕਿ ਸੂਬਾ ਸਰਕਾਰ ਕੋਲ ਐਕਟ ਵਿੱਚ ਸੋਧ ਕਰਨ ਦੀ ਕੋਈ ਤਾਕਤ ਨਹੀਂ ਹੈ। ਸਿਰਫ ਸੰਸਦ ਹੀ ਇਸ ਗੁਰਦੁਆਰਾ ਐਕਟ ਵਿੱਚ ਸੋਧ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਹਾਲੇ ਵੀ ਆਪਣੇ ਫੈਸਲੇ ’ਤੇ ਅੱਗੇ ਤੁਰਦੇ ਹਨ ਤਾਂ ਫਿਰ ਦੋ ਪੈਰ ਅਸੀਂ ਵੀ ਅੱਗੇ ਪੁੱਟਾਂਗੇ।
ਧਾਮੀ ਨੇ ਕਿਹਾ ਕਿ ਹੁਣ ਤੱਕ ਕਈ ਸਰਕਾਰਾਂ ਆਈਆਂ ਤੇ ਕਈ ਸਰਕਾਰਾਂ ਗਈਆਂ ਪਰ ਕਿਸੇ ਨੇ ਵੀ ਧਾਰਮਿਕ ਮਸਲੇ ‘ਤੇ ਸਵਾਲ ਖੜ੍ਹੇ ਨਹੀਂ ਕੀਤੇ, ਜਿਸ ਨੇ ਵੀ ਇਸ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਪਛਤਾਵੇ ਦੇ ਹੰਝੂ ਵਹਾਉਣੇ ਪਏ ਹਨ। ਹਰਜਿੰਦਰ ਸਿੰਘ ਧਾਮੀ ਨੇ ਭਗਵੰਤ ਮਾਨ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਤੁਸੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਵਿੱਚ ਲੱਗੇ ਹੋ, ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਤੇ ਪੰਜਾਬ ਦੀ ਤਰੱਕੀ ਵੱਲ ਧਿਆਨ ਦਿਓ, ਤੁਹਾਨੂੰ ਗੁਰਬਾਣੀ ਦੇ ਪ੍ਰਸਾਰਣ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।
ਦਰਅਸਲ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ ਸੀ ਕਿ “ਵਾਹਿਗੁਰੂ ਜੀ ਦੇ ਅਸ਼ੀਰਵਾਦ ਸਦਕਾ ਕੱਲ੍ਹ ਇੱਕ ਇਤਿਹਾਸਕ ਫੈਸਲਾ ਕਰਨ ਜਾ ਰਹੇ ਹਾਂ..ਸਮੂਹ ਸੰਗਤਾਂ ਦੀ ਮੰਗ ਮੁਤਾਬਕ ਸਿੱਖ ਗੁਰੁਦਵਾਰਾ ਐਕਟ 1925 ਵਿੱਚ ਇੱਕ ਨਵੀਂ ਧਾਰਾ ਜੋੜ ਰਹੇ ਹਾਂ ਕਿ ਹਰਿਮੰਦਰ ਸਾਹਬ ਜੀ ਤੋਂ ਗੁਰਬਾਣੀ ਦਾ ਪੑਸਾਰਣ ਸਭ ਲਈ ਮੁਫਤ ਹੋਵੇਗਾ …no tender required..ਕੱਲ੍ਹ ਕੈਬਨਿਟ ਚ ..20 ਜੂਨ ਨੂੰ ਵਿਧਾਨ ਸਭਾ ਚ ਮਤਾ ਆਵੇਗਾ..” ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਤੋਂ ਪਹਿਲਾਂ ਕੈਬਨਿਟ ਦੀ ਮੀਟਿੰਗ ਹੋਵੇਗੀ ਜਿਸ ਵਿੱਚ ਗੁਰਬਾਣੀ ਦੇ ਪ੍ਰਸਾਰਣ ਸਮੇਤ ਹੋਰ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ।