ਪ੍ਰੈਸ ਨੋਟ
ਗੁਰਬਾਣੀ ਪ੍ਰਸਾਰਣ ਸ਼੍ਰੋਮਣੀ ਕਮੇਟੀ ਰਾਹੀ ਕਰਨਾ, ਪੰਥ ਦੀ ਜਿੱਤ ਤੇ ਸਿੱਖ ਵਿਰੋਧੀ ਤਾਕਤਾਂ ਦੀ ਹਾਰ: ਕੇਂਦਰੀ ਸਿੰਘ ਸਭਾ
ਚੰਡੀਗੜ੍ਹ 9 ਅਪ੍ਰੈਲ (2022) ਅਕਾਲ ਤਖਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਗੁਰਬਾਣੀ ਪ੍ਰਸਾਰਣ ਨੂੰ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰਨਾ ਸਾਲਾਂ ਤੋਂ ਜਦੋ-ਜਹਿਦ ਕਰ ਰਹੇ ਪੰਥ ਦੀ ਵੱਡੀ ਜਿੱਤ ਹੈ ਅਤੇ ਨਵੇਂ ਗੁਰਦੁਆਰਿਆਂ ਉੱਤੇ ਕਾਬਜ਼ ਮਹੰਤਾਂ ਦੇ ਪੀਟੀਸੀ ਟੀਵੀ ਚੈਨਲ ਦੀ ਨੈਤਿਕ ਹਾਰ ਹੈ।
ਇਸ ਨਾਲ ਹੀ ਗੁਰਬਾਣੀ ਦਾ ਵਸਤੂਕਰਨ ਅਤੇ ਵਪਾਰੀਕਰਨ ਕਰਨ ਵਾਲੇ ਸਿੱਖ-ਵੇਸ-ਭੂਸ਼ਾ ਵਿੱਚ ਵਿਚਰਦੀਆਂ ਸਿੱਖ ਵਿਰੋਧੀ ਤਾਕਤਾਂ ਦੀਆਂ ਗੈਰ-ਇਖਲਾਕੀ ਲਾਲਸਾਵਾਂ ਨੂੰ ਠੱਲ ਪੈ ਜਾਵੇਗੀ। ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਮਾਡਰਨ ਨਵੇਂ ਮਹੰਤ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੀਆਂ ਗੋਲਕਾਂ ਨੂੰ ਆਪਣੇ ਵਪਾਰ ਨੂੰ ਵਧਾਉਣ ਲਈ ਅਤੇ ਸਿੱਖ ਸਿਆਸਤ ਉੱਤੇ ਭਾਰੂ ਰਹਿਣ ਲਈ ਵਰਤ ਰਹੇ ਹਨ। ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਬਾਦਲ ਪਰਿਵਾਰ ਨੇ ਹੇਰਾ-ਫੇਰੀ ਅਤੇ ਜਾਲਸ਼ਾਜੀ ਰਾਹੀਂ ਗੁਰਬਾਣੀ ਨੂੰ ਆਪਣੇ ਚੈਨਲ ਪੀਟੀਸੀ ਰਾਹੀਂ ਪ੍ਰਸਾਰਣ ਦੀ ਅਜ਼ਾਰੇਦਾਰੀ ਕਈ ਸਾਲ ਬਰਕਰਾਰ ਰੱਖੀ ਹੈ।
“ਪਾਪੀ ਕੇ ਮਰਨੇ ਕੋ ਪਾਪ ਮਹਾਂ ਬਲੀ ਹੈ” ਗੁਰਬਾਣੀ ਕਥਨ ਅਨੁਸਾਰ ਪੀਟੀਸੀ ਚੈਨਲ ਪਿਛਲੇ ਮਹੀਨੇ ਮਾਰਚ ਵਿੱਚ ‘ਮਿਸ ਪੰਜਾਬਣ’ ਮੁਕਾਬਲੇ ਕਰਵਾਉਣ ਵਾਲੀ ਪ੍ਰਕਿਰਿਆ ਰਾਹੀ “ਸੈਕਸ ਸਕੈਂਡਲ” ਵਿੱਚ ਫਸ ਗਿਆ। ਜਿਸ ਕਰਕੇ, ਚੈਨਲ ਗੁਰਬਾਣੀ ਪ੍ਰਸਾਰਣ ਦਾ ਨੈਤਿਕ ਅਧਾਰ ਵੀ ਖੋਹ ਬੈਠਾ। ਇਸ ਉਪਰੰਤ ਪੀਟੀਸੀ ਚੈਨਲ ਵਿਰੁੱਧ ਉੱਠੇ ਸੰਗਤ ਦੇ ਵਿਦਰੋਹ ਅੱਗੇ ਸ੍ਰੋਮਣੀ ਕਮੇਟੀ ਨੂੰ ਅਖੀਰ ਝੁਕਣਾ ਪਿਆ। ਪੀਟੀਸੀ ਚੈਨਲ ਦਾ ਦਰਬਾਰ ਸਾਹਿਬ ਵਿੱਚੋਂ ਨਿਕਲ ਨਾਲ ਅਖੀਰ ਬਾਦਲਾਂ ਦੇ ਸ਼੍ਰੋਮਣੀ ਕਮੇਟੀ ਉੱਤੇ ਕਬਜ਼ੇ ਨੂੰ ਦੇ ਖਾਤਮੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸੌ ਸਾਲ ਪੁਰਾਣੇ 1925 ਦੇ ਗੁਰਦੁਆਰਾ ਐਕਟ ਦੇ ਅਧੀਨ ਕੇਂਦਰ ਸਰਕਾਰ ਵੱਲੋਂ ਕਰਵਾਈਆਂ ਜਾਂਦੀਆ ਹਨ। ਇਹ ਗੁਰਦੁਆਰਾ ਐਕਟ ਦੇਸ਼ ਦੀ ਗੁਲਾਮੀ ਸਮੇਂ ਅੰਗਰੇਜ਼ੀ ਸਰਕਾਰ ਨੇ ਗੁਰਦੁਆਰਿਆਂ ਨੂੰ ਟੇਡੇ ਤਰੀਕੇ ਨਾਲ ਆਪਣੇ ਕੰਟਰੋਲ ਵਿੱਚ ਰੱਖਣ ਲਈ ਬਣਾਇਆ ਸੀ।
ਬਦਕਿਸਮਤੀ ਨਾਲ 1947 ਤੋਂ ਬਾਅਦ ਸਿੱਖਾਂ ਦੀ ਲੀਡਰਸਿਪ ਨੇ ਐਕਟ ਦੀਆਂ ਪੰਥ ਵਿਰੋਧੀ ਧਰਾਵਾਂ ਦਾ ਕੋਈ ਨੋਟਿਸ ਨਹੀਂ ਲਿਆ, ਇੱਥੋਂ ਤੱਕ ਪਿਛਲੇ 70 ਸਾਲਾਂ ਵਿੱਚ ਕੋਈ ਲੋੜ੍ਹੀਦੀ ਤਰਮੀਮ ਵੀਂ ਨਹੀਂ ਕਰਵਾਈ। ਸਗੋਂ ਸਿੱਖਾਂ ਦੇ ਇੱਕ ਸਮਝੌਤਾਵਾਦੀ ਵਰਗ ਨੇ ਕੇਂਦਰ ਸਰਕਾਰ ਨਾਲ ਅੰਦਰੋਂ ਅੰਦਰੀ ਸਾਂਝ ਭਿਆਲੀ ਕਰਕੇ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਅੰਦਰ ਹਿੰਦੂਤਵੀ ਤਾਕਤਾਂ ਦੀ ਅਨੈਤਿਕ ਦਖਲ ਅੰਦਾਜ਼ੀ ਕਰਵਾਈ ਹੈ। ਸ਼੍ਰੋਮਣੀ ਕਮੇਟੀ ਨੂੰ ਸਹੀ ਪੰਥ ਦੀ ਨੁਮਾਇੰਦਾ ਜਮਾਤ ਬਣਾਉਣ ਲਈ ਇਸ ਸੰਸਥਾ ਦੀ ਚੋਣ ਕੇਂਦਰ ਦੀ ਜਗ੍ਹਾਂ ਪੰਜਾਬ ਸਰਕਾਰ ਦੇ ਹਵਾਲੇ ਹੋਣੀ ਚਾਹੀਦੀ ਹੈ। ਅਤੇ ‘ਫਸਟ-ਪਾਸਟ-ਦੀ-ਪੋਸਟ’ ਮੌਜੂਦਾ ਚੋਣ ਵਿਧੀ, ਜਿਹੜੀ ਸਿਰਫ ਦੋ ਖੜ੍ਹੇ ਕਰਦੀ ਹੈ, ਦੀ ਥਾਂ ਅਨੁਪਾਤਕ ਚੋਣ ਲਾਗੂ ਕਰਵਾਉਣੀ ਚਾਹੀਦੀ ਹੈ, ਜਿਹੜੀ ਚੋਣ ਪ੍ਰਕਿਰਿਆ ਵਿੱਚ ਸ਼ਾਮਿਲ ਹਰ ਧਿਰ ਨੂੰ ਉਹਨਾਂ ਦੀ ਸਮਰੱਥਾਂ ਮੁਤਾਬਿਕ ਨੁਮਾਇੰਦਗੀ ਦਿੰਦੀ ਹੈ।
ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ (ਸੰਪਾਦਕ ਦੇਸ਼ ਪੰਜਾਬ), ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ ਆਦਿ ਸ਼ਾਮਿਲ ਹੋਏ।
ਜਾਰੀ ਕਰਤਾ:- ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇੱਦਰੀ ਸ੍ਰੀ ਗੁਰੂ ਸਿੰਘ ਸਭਾ, 93161-07093