ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ ਨੇ “ਸੁਚੱਜੀ ਜੀਵਨ-ਜਾਚ” ਸਬੰਧੀ ਸੈਮੀਨਾਰ ਲਗਾਇਆ
ਫਰੀਦਕੋਟ, 11 ਅਗਸਤ (ਪੰਜਾਬ ਡਾਇਰੀ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ ਨੇ “ਸੁਚੱਜੀ ਜੀਵਨ-ਜਾਚ” ਸਬੰਧੀ ਸੈਮੀਨਾਰ ਸਰਕਾਰੀ ਸੀ.ਸੈ. ਸਕੂਲ ਗੋਲੇਵਾਲਾ ਵਿਖੇ ਲਗਾਇਆ ਗਿਆ। ਇਸ ਮੌਕੇ ਸਮੂਹ ਵਿਦਿਆਰਥੀ ਅਤੇ ਅਧਿਆਪਕ ਹਾਜਰ ਸਨ।
ਇਸ ਮੌਕੇ ਪ੍ਰਿੰਸੀਪਾਲ ਰਾਜਵਿੰਦਰ ਕੌਰ ਅਤੇ ਪ੍ਰੋਗਰਾਮ ਕੋਆਰਡੀਨੇਟਰ ਵਿਨੋਦ ਕੁਮਾਰ ਨੇ “ਜੀ ਆਇਆਂ ਨੂੰ” ਕਸਦਿਆਂ ਵਿਦਿਆਰਥੀਆਂ ਨੂੰ 19 ਅਗਸਤ ਨੂੰ ਹੋ ਰਹੇ ਨੈਤਿਕ ਸਿੱਖਿਆ ਦੇ ਪੇਪਰ ਦੀ ਤਿਆਰੀ ਬਾਰੇ ਦੱਸਿਆ।
ਡਾ ਕਰਨਜੀਤ ਸਿੰਘ ਫਰੀਦਕੋਟ ਵੱਲੋਂ ਵਿਦਿਆਰਥੀਆਂ ਨੂੰ ਵਧੀਆ ਇਨਸਾਨ ਬਣਨ ਦੇ ਨਿਯਮ ਦੱਸੇ ਅਤੇ “ਕਿਰਤ ਕਰੋ, ਨਾਮ ਜਪੋ, ਵੰਡ ਛਕੋ” ਦੇ ਸਿਧਾਂਤਾਂ ਬਾਰੇ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਸਾਨੂੰ ਕੁਦਰਤੀ ਸਰੋਤਾਂ ਜਿਵੇਂ ਪਾਣੀ, ਮਿੱਟੀ ਅਤੇ ਹਵਾ ਨੂੰ ਸਾਫ-ਸੁਥਰਾ ਅਤੇ ਕੁਦਰਤੀ ਅਵਸਥਾ ‘ਚ ਰੱਖਣਾ ਚਾਹੀਦਾ ਹੈ ਤਾਂ ਜੋ ਇਸ ਪੰਜਾਬ ਰਾਜ ਅਤੇ ਧਰਤੀ ਨੂੰ ਰਹਿਣ-ਯੋਗ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਦਾ ਮਕਸਦ ਵਿਦਿਆਰਥੀਆਂ ‘ਚ ਗੁਰੂ ਸਾਹਿਬਾਨਾਂ ਅਤੇ ਵਿਦਵਾਨਾਂ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਦੀ ਸਹੀ ਘਾੜਤ ਕਰਵਾਉਣਾ ਅਤੇ ਚੰਗਾ ਇਨਸਾਨ ਬਣਾਉਣਾ। ਇਸ ਮੌਕੇ ਸਕੂਲ ਦੀ ਲਾਇਬਰੇਰੀ ਲਈ ਸਟੱਡੀ ਸਰਕਲ ਵੱਲੋਂ ਕਿਤਾਬਾਂ ਦੇ ਸੈੱਟ ਦਿੱਤੇ ਗਏ ਅਤੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਕਿਤਾਬਾਂ ਵੀ ਦਿੱਤੀਆਂ ਗਈਆਂ।