ਗੁਜ਼ਾਰਿਸ਼ਾਂ, ਸਿਫਾਰਿਸ਼ਾਂ ਵਾਲਿਆਂ ਨੂੰ ਸਪੀਕਰ ਸੰਧਵਾਂ ਨੇ ਸੂਬੇ ਨੂੰ ਗੁਲਿਸਤਾਂ ਬਣਾਉਣ ਦੀ ਕੀਤੀ ਅਪੀਲ
* ਕੋਟਕਪੂਰਾ ਹਲਕੇ ਦੇ ਪਿੰਡਾਂ ਵਿੱਚ ਸਰਬਸੰਮਤੀ ਨਾਲ ਬਨਣ ਵਾਲੀਆਂ ਪੰਚਾਇਤਾਂ ਨੂੰ ਅਖਤਿਆਰੀ ਫੰਡ ਚੋਂ 5 ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਫਰੀਦਕੋਟ, 18 ਅਗਸਤ (ਪੰਜਾਬ ਡਾਇਰੀ)- ਕੋਟਕਪੂਰਾ ਦੇ ਪਿੰਡ ਕੋਟਸੁੱਖੀਆ ਵਿੱਚ ਸੰਤ ਬਾਬਾ ਹਰਕਾ ਦਾਸ ਜੀ ਯਾਦਗਾਰੀ ਸੱਭਿਆਚਾਰਕ ਮੇਲਾ (ਮੋਛਾ) ਵਿੱਚ ਵੀਰਵਾਰ ਸ਼ਾਮ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਦਿਆਂ, ਗੁਜ਼ਾਰਿਸ਼ਾਂ ਤੇ ਸਿਫਾਰਿਸ਼ਾਂ ਕਰਨ ਵਾਲਿਆਂ ਨੂੰ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸੰਧਵਾਂ ਨੇ ਸੂਬੇ ਨੂੰ ਹਰਿਆ ਭਰਿਆ ਗੁਲਿਸਤਾਂ ਬਨਾਉਣ ਦੀ ਅਪੀਲ ਕੀਤੀ ।
ਸਪੀਕਰ ਸੰਧਵਾਂ ਨੇ ਕਿਹਾ ਕਿ ਜੋ ਲੋਕ ਆਪਣੇ ਖੇਤ ਦੀ ਮੋਟਰ ਤੇ ਜਾਂ ਕਿਸੇ ਹੋਰ ਥਾਂ ਤੇ ਪੰਜ ਬੂਟੇ ਲਾ ਕੇ ਮੋਬਾਈਲ ਵਿੱਚ ਫੋਟੋ ਖਿੱਚ ਕੇ ਲਿਆਉਣਗੇ ਉਹ ਆਪਣੇ ਕੰਮ ਨੂੰ ਪਹਿਲ ਦੇ ਅਧਾਰ ਤੇ ਪੂਰਾ ਹੋਣ ਦੀ ਤਵੱਕੋ ਕਰਨ ।ਉਨ੍ਹਾਂ ਕਿਹਾ ਕਿ ਕੋਈ ਕੰਮ ਲੈ ਕੇ ਆਉਣ ਤੋਂ ਪਹਿਲਾਂ ਲੋਕ ਇਹ ਕੰਮ ਕਰਕੇ ਆਇਆ ਕਰਨ ਤਾਂ ਜੋ ਸੂਬੇ ਦੀ ਹਰਿਆਲੀ ਦੀ ਦਰ ਵਿੱਚ ਇਜ਼ਾਫਾ ਕੀਤਾ ਜਾ ਸਕੇ।
ਇਸ ਨਾਯਾਬ ਪਹਿਲਕਦਮੀ ਦੇ ਪਿਛੋਕੜ ਸਬੰਧੀ ਉਨ੍ਹਾਂ ਆਪਣੀ ਹਾਲ ਦੀ ਬੰਗਲੌਰ ਫੇਰੀ ਸਬੰਧੀ ਇੱਕ ਘਟਨਾ ਸਾਂਝੀ ਕੀਤੀ ਜਦੋਂ ਉਹ ਕਿਸੇ ਬੰਗਲੌਰ ਦੇ ਬੰਦੇ ਨੂੰ ਉਸ ਸੂਬੇ ਦੀ ਹਰਿਆਲੀ ਦੀ ਪ੍ਰਤੀਸ਼ਤਤਾ ਪੁੱਛ ਬੈਠੇ । ਉਸ ਬੰਦੇ ਨੇ ਦੱਸਿਆ ਕਿ ਕਰਨਾਟਕਾ ਸੂਬੇ ਵਿੱਚ ਹਰਿਆਲੀ 21 ਪ੍ਰਤੀਸ਼ਤ ਹੈ ਜਦਕਿ ਪੰਜਾਬ ਦੀ 7 ਪ੍ਰਤੀਸ਼ਤ । ਕਰਨਾਟਕਾ ਨੇ ਇਸ ਪ੍ਰਤੀਸ਼ਤਤਾ ਨੂੰ ਵਧਾ ਕੇ ਹੁਣ 33 ਫੀਸਦ ਕਰਨ ਦਾ ਟੀਚਾ ਮਿਥਿਆ ਹੋਇਆ ਹੈ ।
ਉਨ੍ਹਾਂ ਕਿਹਾ ਕਿ ਆਪਾਂ ਸਾਰੇ ਰਲ ਕੇ ਪੰਜਾਬ ਦੀ ਹਰਿਆਲੀ ਨੂੰ ਵੀ ਵਧਾ ਕੇ ਸੂਬੇ ਨੂੰ ਹਰਿਆ ਭਰਿਆ ਬਣਾਈਏ ।
ਆਉਣ ਵਾਲੀਆਂ ਪੰਚਾਇਤੀ ਚੋਣਾਂ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਵੀ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਨੁਮਾਇੰਦੇ ਚੁਣੇਗੀ ਉਸ ਨੂੰ ਉਨ੍ਹਾਂ ਦੇ ਅਖਤਿਆਰੀ ਫੰਡ ਵਿੱਚੋ 5 ਲੱਖ ਰੁਪਏ ਦੇ ਫੰਡ ਜਾਰੀ ਕੀਤੇ ਜਾਣਗੇ ।
ਇਸ ਮੌਕੇ ਡੀ.ਪੀ.ਆਰ.ਓ ਸ. ਗੁਰਦੀਪ ਸਿੰਘ ਮਾਨ, ਪੀ.ਆਰ.ਓ ਟੂ ਸਪੀਕਰ ਸ. ਮਨਪ੍ਰੀਤ ਸਿੰਘ ਧਾਲੀਵਾਲ, ਲਖਵਿੰਦਰ ਸਿੰਘ, ਗੁਰਲਾਲ ਸਿੰਘ ਬਰਾੜ, ਭੋਲਾ ਸਿੰਘ, ਬੂਟਾ ਸਿੰਘ, ਗੁਰਮੀਤ ਸਿੰਘ ਬੱਧਣ, ਮਨਦੀਪ ਸਿੰਘ, ਜਸਵਿੰਦਰ ਸਿੰਘ, ਰੰਗ ਹਰਜਿੰਦਰ ਸਿੰਘ, ਇੰਚਾਰਜ ਮੈਡਮ ਪ੍ਰਿਤਪਾਲ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।