ਗੁੱਡ ਮੌਰਨਿੰਗ ਕਲੱਬ ਨੇ ਮਰਦਾਂ ਅਤੇ ਔਰਤਾਂ ਦੀਆਂ ਬਿਮਾਰੀਆਂ ਸਬੰਧੀ ਲਾਏ ਦੋ ਵੱਖ-ਵੱਖ ਕੈਂਪ
ਸੰਤੁਲਿਤ ਖੁਰਾਕ, ਸਵੇਰ-ਸ਼ਾਮ ਦੀ ਸੈਰ ਅਤੇ ਕਸਰਤ ਦੇ ਸਾਂਝੇ ਕੀਤੇ ਅਹਿਮ ਨੁਕਤੇ!
ਕੋਟਕਪੂਰਾ, 12 ਅਪ੍ਰੈਲ :- ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਵਲੋਂ ਸਥਾਨਕ ਮਿਉਸਪਲ ਪਾਰਕ ਵਿਖੇ ਐਕੂਪ੍ਰੈਸ਼ਰ ਸਮੇਤ ਹੋਰ ਅਨੇਕਾਂ ਕੁਦਰਤੀ ਪ੍ਰਣਾਲੀਆਂ ਰਾਹੀਂ ਇਲਾਜ ਕਰਾਉਣ ਸਬੰਧੀ ਇਕ ਮੁਫਤ ਕੈਂਪ ਦਾ ਆਯੋਜਨ ਕੀਤਾ ਗਿਆ। ਕਲੱਬ ਦੇ ਮਰਦ ਅਤੇ ਔਰਤਾਂ ਦੇ ਦੋ ਵੱਖੋ ਵੱਖਰੇ ਗਰੁੱਪਾਂ ਨੂੰ ਉਚੇਚੇ ਤੌਰ ’ਤੇ ਪੁੱਜੇ ਮਾਹਰਾਂ ਨੇ ਸੰਬੋਧਨ ਕੀਤਾ। ਮਰਦ ਵਿੰਗ ਨੂੰ ਸੰਬੋਧਨ ਕਰਦਿਆਂ ਡਾ. ਗਗਨਦੀਪ ਗੁਲਾਟੀ ਨੇ ਦਾਅਵਾ ਕੀਤਾ ਕਿ ਭਾਵੇਂ ਦੇਸ਼ ਦੇ ਕੁਝ ਹਿੱਸਿਆਂ ’ਚ ਲੋਕ ਭੁੱਖਮਰੀ ਦਾ ਸ਼ਿਕਾਰ ਹਨ ਪਰ ਪੰਜਾਬ ਵਾਸੀ ਜਿਆਦਾ ਅਤੇ ਬੇਤਰਤੀਬਾ ਖਾਣ-ਪੀਣ ਕਰਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਉਹਨਾਂ ਦੱਸਿਆ ਕਿ ਸੰਤੁਲਿਤ ਖੁਰਾਕ, ਸਵੇਰ-ਸ਼ਾਮ ਦੀ ਸੈਰ, ਕਸਰਤ ਦੇ ਨਾਲ-ਨਾਲ ਸਾਨੂੰ ਬਿਮਾਰੀਆਂ ਨਾਲ ਨਜਿੱਠਣ ਦਾ ਤਜਰਬਾ ਹੋਣਾ ਵੀ ਜਰੂਰੀ ਹੈ। ਔਰਤ ਵਿੰਗ ਨੂੰ ਸੰਬੋਧਨ ਕਰਨ ਮੌਕੇ ਡਾ. ਕਿਰਨ ਗੁਲਾਟੀ ਅਤੇ ਡਾ. ਨਿਵਿਆ ਸਾਗਰ ਨੇ ਔਰਤਾਂ ਦੀਆਂ ਬਿਮਾਰੀਆਂ ਸਬੰਧੀ ਉਹ ਅੰਕੜੇ ਪੇਸ਼ ਕੀਤੇ ਕਿ ਜਿੰਨਾ ਦੀ ਜਾਣਕਾਰੀ ਨੇ ਲੜਕੀਆਂ ਅਤੇ ਔਰਤਾਂ ਦੇ ਹੋਸ਼ ਉਡਾ ਕੇ ਰੱਖ ਦਿੱਤੇ। ਦੋਨੋਂ ਪਾਸੇ ਚੱਲ ਰਹੇ ਕੈਂਪ ਵਿੱਚ ਜਿਆਦਾਤਰ ਇਸ ਗੱਲ ’ਤੇ ਜੋਰ ਦਿੱਤਾ ਗਿਆ ਕਿ ਕਿਸੇ ਵੀ ਪਦਾਰਥ ਦੀ ਮਸ਼ਹੂਰੀ ਵੱਲ ਆਕਰਸ਼ਿਤ ਹੋਣ ਦੀ ਬਜਾਇ ਉਸਦੀ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ, ਕਿਉਂਕਿ ਕਈ ਵਾਰ ਮਸ਼ਹੂਰੀਆਂ ਰਾਹੀਂ ਦੇਖੀ ਜਾਂ ਸੁਣੀ ਗਈ ਵਸਤੂ ਦੇ ਫਾਇਦੇ ਅਰਥਾਤ ਗੁਣ ਸੁਣ ਕੇ ਅਸੀਂ ਗੁਮਰਾਹ ਹੋ ਜਾਂਦੇ ਹਾਂ ਪਰ ਮਹਿੰਗੀ ਕੀਮਤ ’ਤੇ ਖਰੀਦੀ ਗਈ ਵਸਤੂਆਂ ਸਾਡੇ ਲਈ ਬਿਮਾਰੀਆਂ ਦਾ ਸਬੱਬ ਬਣ ਜਾਂਦੀ ਹੈ। ਉਹਨਾਂ ਸ਼ੂਗਰ, ਬੀ.ਪੀ., ਟੀ.ਬੀ. ਵਰਗੀਆਂ ਮਾਮੂਲੀ ਬਿਮਾਰੀਆਂ ਤੋਂ ਲੈ ਕੇ ਨਾਮੁਰਾਦ ਅਰਥਾਤ ਖਤਰਨਾਕ ਬਿਮਾਰੀਆਂ ਤੱਕ ਦੇ ਲੱਛਣ, ਬਚਾਅ ਅਤੇ ਸਫਲ ਇਲਾਜ ਸਬੰਧੀ ਅਨੇਕਾਂ ਨੁਕਤੇ ਸਾਂਝੇ ਕਰਦਿਆਂ ਆਖਿਆ ਕਿ ਬਹੁਤ ਸਾਰੀਆਂ ਬਿਮਾਰੀਆਂ ਬਿਨਾਂ ਦਵਾਈ ਤੋਂ ਠੀਕ ਹੋ ਸਕਦੀਆਂ ਹਨ ਪਰ ਕਈ ਵਾਰ ਦਵਾਈਆਂ ਹੀ ਰੋਗ ਵਧਾਉਣ ਦਾ ਸਬੱਬ ਬਣਦੀਆਂ ਹਨ। ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਮਾਹਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਉਕਤ ਨੁਕਤੇ ਖੁਦ ਸਮੇਤ ਸਾਰੇ ਪਰਿਵਾਰ ਉੱਪਰ ਵਰਤ ਚੁੱਕੇ ਹਨ, ਜੋ ਪੂਰੀ ਤਰਾਂ ਕਾਰਗਰ ਸਿੱਧ ਹੋਏ ਹਨ।