ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਵਿਅਕਤੀ ਤੋਂ ਪੁੱਛਗਿੱਛ ਕਰਨ ਗਈ ਪੁਲਿਸ ‘ਤੇ ਇੱਟਾਂ ਨਾਲ ਹਮਲਾ, ਦੋ ਪੁਲਿਸ ਕਰਮਚਾਰੀ ਜ਼ਖਮੀ
ਅੰਮ੍ਰਿਤਸਰ ਦੇ ਭਿੰਡੀ ਸੈਦਾਂ ਸਰਹੱਦੀ ਪੁਲਿਸ ਸਟੇਸ਼ਨ ਵਿੱਚ ਹਾਲ ਹੀ ਵਿੱਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਜ਼ਮਾਨਤ ‘ਤੇ ਬਾਹਰ ਆਏ ਇੱਕ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਪੁਲਿਸ ਪਾਰਟੀ ‘ਤੇ ਕੁਝ ਲੋਕਾਂ ਨੇ ਇੱਟਾਂ ਨਾਲ ਹਮਲਾ ਕੀਤਾ।

ਸ੍ਰੀ ਅਮ੍ਰਿਤਸਰ ਸਾਹਿਬ- ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਥਾਣਾ ਭਿੰਡੀ ਸੈਦਾਂ ਵਿਖੇ ਪਿਛਲੇ ਦਿਨੀਂ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਜ਼ਮਾਨਤ ’ਤੇ ਆਏ ਇਕ ਵਿਅਕਤੀ ਕੋਲੋਂ ਪੁੱਛਗਿੱਛ ਕਰਨ ਗਈ ਪੁਲਿਸ ਪਾਰਟੀ ’ਤੇ ਕੁਝ ਵਿਅਕਤੀਆਂ ਵਲੋਂ ਇੱਟਾਂ ਰੋੜੇ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਜਦੋਂ ਸਬ-ਇੰਸਪੈਕਟਰ ਦਵਿੰਦਰ ਸਿੰਘ ਦੀ ਅਗਵਾਈ ‘ਚ ਪੁਲਿਸ ਪਾਰਟੀ ਪੁਛਗਿੱਛ ਕਰਨ ਲਈ ਮਨਜੀਤ ਸਿੰਘ ਦੇ ਘਰ ਪਹੁੰਚੀ ਤਾਂ ਮਾਹੌਲ ਅਚਾਨਕ ਤਣਾਅਪੂਰਨ ਹੋ ਗਿਆ। ਮਨਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਅਚਾਨਕ ਪੁਲਿਸ ਟੀਮ ‘ਤੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ।
ਇਸ ਦੌਰਾਨ ਹਮਲਾਵਰਾਂ ਨੇ ਨਾ ਸਿਰਫ਼ ਪੁਲਿਸ ‘ਤੇ ਪੱਥਰਬਾਜ਼ੀ ਕੀਤੀ, ਸਗੋਂ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਮਨਜੀਤ ਸਿੰਘ ਨੂੰ ਭਜਾ ਦਿੱਤਾ। ਇਸ ਘਟਨਾ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ 6 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸੰਬੰਧੀ ਥਾਣਾ ਭਿੰਡੀ ਸੈਦਾਂ ਪੁਲਿਸ ਵਲੋਂ ਮਨਜੀਤ ਸਿੰਘ ਪੁੱਤਰ ਅਜੀਤ ਸਿੰਘ ਤੇ ਉਸ ਦੀ ਪਤਨੀ ਰਾਜ ਕੌਰ, ਜੁਗਰਾਜ ਸਿੰਘ ਉਰਫ਼ ਬਾਊ, ਰੇਸ਼ਮ ਸਿੰਘ, ਸਨੀ ਸਿੰਘ ਅਤੇ ਜਗੀਰ ਕੌਰ ਸਾਰੇ ਵਾਸੀ ਭਿੰਡੀ ਸੈਦਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
-(ਏਬੀਪੀ ਸਾਂਝਾ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


