ਚੋਣ ਕਮਿਸ਼ਨ ਨੇ ਦੋ ਪੜਾਵਾਂ ਦੀ ਵੋਟਿੰਗ ਦੇ ਸਹੀ ਅੰਕੜੇ ਜਾਰੀ ਕੀਤੇ, ਵੋਟ ਪ੍ਰਤੀਸ਼ਤ ਵਧੀ
ਨਵੀਂ ਦਿੱਲੀ, 1 ਮਈ (ਬਾਬੂਸ਼ਾਹੀ)- ਭਾਰਤ ਵਿੱਚ ਲੋਕ ਸਭਾ ਚੋਣਾਂ 2024 ਸ਼ੁਰੂ ਹੋ ਗਈਆਂ ਹਨ। ਲੋਕ ਸਭਾ ਚੋਣਾਂ ਦੇ ਪਹਿਲੇ ਅਤੇ ਦੂਜੇ ਪੜਾਅ ਲਈ ਵੋਟਿੰਗ 19 ਅਪ੍ਰੈਲ ਅਤੇ 26 ਅਪ੍ਰੈਲ 2024 ਨੂੰ ਪੂਰੀ ਹੋ ਚੁੱਕੀ ਹੈ। ਚੋਣਾਂ ਦੇ ਦੂਜੇ ਪੜਾਅ ਦੀ ਸਮਾਪਤੀ ਤੋਂ ਕਰੀਬ 4 ਦਿਨ ਬਾਅਦ ਚੋਣ ਕਮਿਸ਼ਨ ਨੇ ਹੁਣ ਚੋਣਾਂ ਦੇ ਦੋਵਾਂ ਗੇੜਾਂ ਵਿੱਚ ਹੋਣ ਵਾਲੀਆਂ ਵੋਟਾਂ ਦੇ ਸਹੀ ਅੰਕੜੇ ਸਾਂਝੇ ਕੀਤੇ ਹਨ। ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਅੰਕੜਿਆਂ ਵਿੱਚ ਵੀ ਵੋਟ ਪ੍ਰਤੀਸ਼ਤਤਾ ਵਿੱਚ ਵਾਧਾ ਦੇਖਿਆ ਗਿਆ ਹੈ। ਪਹਿਲਾਂ ਇਹ ਵੀ ਦੱਸਿਆ ਗਿਆ ਸੀ ਕਿ ਅੰਤਿਮ ਅੰਕੜੇ ਆਉਣ ਤੱਕ ਵੋਟ ਪ੍ਰਤੀਸ਼ਤ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਚੋਣ ਅੰਕੜੇ ਕੀ ਕਹਿੰਦੇ ਹਨ।
ਦੋ ਪੜਾਵਾਂ ਵਿੱਚ ਕਿੰਨੀ ਵੋਟਿੰਗ ਹੋਈ ?
ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਦੋ ਪੜਾਵਾਂ ‘ਚ ਹੋਈਆਂ ਚੋਣਾਂ ਦੇ ਅੰਕੜੇ ਸਾਂਝੇ ਕੀਤੇ ਹਨ। ਦੱਸਿਆ ਗਿਆ ਹੈ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ 66.14 ਫੀਸਦੀ ਵੋਟਿੰਗ ਹੋਈ ਅਤੇ ਦੂਜੇ ਪੜਾਅ ‘ਚ 66.71 ਫੀਸਦੀ ਵੋਟਿੰਗ ਹੋਈ। ਕਮਿਸ਼ਨ ਨੇ ਦੱਸਿਆ ਕਿ 102 ਸੀਟਾਂ ਲਈ ਵੋਟਿੰਗ ਦੇ ਪਹਿਲੇ ਪੜਾਅ ‘ਚ 66.22 ਫੀਸਦੀ ਪੁਰਸ਼ ਅਤੇ 66.07 ਫੀਸਦੀ ਮਹਿਲਾ ਵੋਟਰਾਂ ਨੇ ਵੋਟ ਪਾਈ। ਇਸ ਦੇ ਨਾਲ ਹੀ 88 ਸੀਟਾਂ ‘ਤੇ ਦੂਜੇ ਪੜਾਅ ‘ਚ 66.99 ਫੀਸਦੀ ਪੁਰਸ਼ ਵੋਟਰਾਂ ਅਤੇ 66.42 ਫੀਸਦੀ ਮਹਿਲਾ ਵੋਟਰਾਂ ਨੇ ਮਤਦਾਨ ਕੀਤਾ, ਹਾਲਾਂਕਿ 2019 ‘ਚ ਹੋਈਆਂ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ‘ਚ 69.64 ਫੀਸਦੀ ਵੋਟਿੰਗ ਹੋਈ ਸੀ।