ਚੋਰ ਗਰੋਹ ਵੱਲੋਂ ਖੇਤਾਂ ਚੋਂ ਮੋਟਰਾਂ ਤੇ ਟਰਾਂਸਫਾਰਮਰ ਚੋਰੀ, ਕਿਸਾਨ ਪ੍ਰੇਸ਼ਾਨ
ਫ਼ਰੀਦਕੋਟ 19 ਮਾਰਚ – (ਪ੍ਰਸ਼ੋਤਮ ਕੁਮਾਰ) – ਫ਼ਰੀਦਕੋਟ ਜ਼ਿਲ੍ਹੇ ਦੇ ਦਰਜਨਾਂ ਕਿਸਾਨਾਂ ਦੇ ਖੇਤਾਂ ਵਿੱਚੋਂ ਰਾਤ ਸਮੇਂ ਚੋਰ ਗਰੋਹਾਂ ਨੇ ਮੋਟਰਾਂ ਅਤੇ ਟ੍ਰਾਂਸਫਾਰਮਰ ਚੋਰੀ ਕਰ ਲਏ ਹਨ। ਚੋਰੀ ਕਰਨ ਵਾਲੇ ਵਿਅਕਤੀਆਂ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ। ਪਿੰਡ ਹਰਦਿਆਲੇਆਣਾ ਦੇ ਵਸਨੀਕ ਕੁਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਿਛਲੇ ਦਸ ਦਿਨਾਂ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਇੱਕ ਦਰਜਨ ਤੋਂ ਵੱਧ ਪਿੰਡਾਂ ਵਿੱਚ ਮੋਟਰਾਂ ਅਤੇ ਟਰਾਂਸਫਾਰਮਰ ਚੋਰੀ ਹੋਏ ਹਨ। ਉਨ੍ਹਾਂ ਕਿਹਾ ਕਿ ਚੋਰੀ ਦੀਆਂ ਇਨ੍ਹਾਂ ਵਾਰਦਾਤਾਂ ਨੇ ਕਿਸਾਨਾਂ ਨੂੰ ਬੇਹੱਦ ਪ੍ਰੇਸ਼ਾਨ ਕੀਤਾ ਹੋਇਆ ਹੈ। ਇਲਾਕੇ ਦੇ ਕਿਸਾਨਾਂ ਨੇ ਇਸ ਸਬੰਧੀ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨਾਲ ਵੀ ਮੁਲਾਕਾਤ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਇਸ ਚੋਰ ਗਿਰੋਹ ਨੂੰ ਨੱਥ ਪਾਈ ਜਾਵੇ। ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਚਰਨਜੀਤ ਸਿੰਘ ਸੁੱਖਣਵਾਲਾ ਅਤੇ ਜਸਪਾਲ ਸਿੰਘ ਨੰਗਲ ਨੇ ਕਿਹਾ ਕਿ ਖੇਤਾਂ ਵਿੱਚ ਇਹ ਚੋਰੀਆਂ ਪੁਲਿਸ ਦੀ ਕਥਿਤ ਮਿਲੀਭੁਗਤ ਨਾਲ ਹੋ ਰਹੀਆਂ ਹਨ। ਕੁਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਹੁਣ ਤੱਕ ਫ਼ਰੀਦਕੋਟ ਦੇ ਪਿੰਡਾਂ ਵਿੱਚੋਂ ਇੱਕ ਸੌ ਦੇ ਕਰੀਬ ਮੋਟਰਾਂ ਅਤੇ ਅੱਸੀ ਦੇ ਕਰੀਬ ਟਰਾਂਸਫਾਰਮਰ ਚੋਰੀ ਹੋ ਚੁੱਕੇ ਹਨ ਪ੍ਰੰਤੂ ਕਿਸੇ ਵੀ ਕਿਸਾਨ ਨੂੰ ਅਜੇ ਤੱਕ ਆਪਣੀ ਮੋਟਰ ਸਹੀ ਸਲਾਮਤ ਵਾਪਸ ਨਹੀਂ ਮਿਲੀ। ਕੁਝ ਸਮਾਂ ਪਹਿਲਾਂ ਸਾਦਿਕ ਦੇ ਕੁਝ ਕਿਸਾਨਾਂ ਨੇ ਮੋਟਰਾਂ ਚੋਰੀ ਕਰਨ ਵਾਲੇ ਇਕ ਗਰੋਹ ਦੇ ਕੁਝ ਮੈਂਬਰਾਂ ਨੂੰ ਖੁਦ ਫੜ ਕੇ ਪੁਲਿਸ ਹਵਾਲੇ ਕੀਤਾ ਸੀ ਪ੍ਰੰਤੂ ਇਸ ਦੇ ਬਾਵਜੂਦ ਚੋਰ ਗਰੋਹ ਅਜਿਹੀਆਂ ਵਾਰਦਾਤਾਂ ਵਿੱਚ ਸਰਗਰਮ ਹੈ।
ਕੈਪਸ਼ਨ: 19ਐਫਡੀਕੇ03- ਖੇਤਾਂ ‘ਚੋਂ ਚੋਰੀ ਹੋਏ ਟਰਾਂਸਫਾਰਮਰ ਦਿਖਾਉਂਦੇ ਹੋਏ ਕਿਸਾਨ ਕੁਲਵਿੰਦਰ ਸਿੰਘ ਸੰਧੂ।