ਚੰਡੀਗੜ੍ਹ ‘ਚ ਹੋਵੇਗੀ ਮਹਿਲਾ ਪ੍ਰੀਮੀਅਰ ਲੀਗ, ਗਲੀ ਕ੍ਰਿਕਟ ਟੂਰਨਾਮੈਂਟ ਦੀ ਸਫਲਤਾ ਮਗਰੋਂ UTCA ਨੇ ਲਿਆ ਫੈਸਲਾ
ਚੰਡੀਗੜ੍ਹ, 4 ਸਤੰਬਰ (ਡੇਲੀ ਪੋਸਟ ਪੰਜਾਬੀ)- ਚੰਡੀਗੜ੍ਹ ਯੂਟੀ ਕ੍ਰਿਕਟ ਐਸੋਸੀਏਸ਼ਨ (UTCA) ਡੋਮੇਸਟਿਕ ਕ੍ਰਿਕਟ ਨੂੰ ਨਵਾਂ ਆਯਾਮ ਦਿੰਦੇ ਹੋਏ ਕੁਝ ਹੋਰ ਟੂਰਨਾਮੈਂਟ ਸ਼ੁਰੂ ਕਰਨ ਜਾ ਰਹੀ ਹੈ। ਹਾਲ ਹੀ ਵਿੱਚ ਕਰਵਾਏ ਗਏ ਸਟਰੀਟ ਕ੍ਰਿਕਟ ਟੂਰਨਾਮੈਂਟ ਅਤੇ ਸ਼ਹੀਦ ਚੰਦਰਸ਼ੇਖਰ ਆਜ਼ਾਦ ਸੀਨੀਅਰ ਟੀ-20 ਲੀਗ ਦੀ ਸਫ਼ਲਤਾ ਤੋਂ ਬਾਅਦ ਸ਼ਹਿਰ ਵਿੱਚ ਕ੍ਰਿਕਟ ਦਾ ਗ੍ਰਾਫ਼ ਉੱਚਾ ਹੋਇਆ ਹੈ। ਇਸ ਤੋਂ ਉਤਸ਼ਾਹਿਤ ਹੋ ਕੇ, UTCA ਹੁਣ ਅਕਤੂਬਰ ਵਿੱਚ ਚੰਡੀਗੜ੍ਹ ਮਹਿਲਾ ਪ੍ਰੀਮੀਅਰ ਲੀਗ (CWPL) ਸ਼ੁਰੂ ਕਰਨ ਜਾ ਰਿਹਾ ਹੈ।
ਪ੍ਰਧਾਨ ਸੰਜੇ ਟੰਡਨ ਨੇ ਐਤਵਾਰ ਨੂੰ ਸੈਕਟਰ-17 ਸਥਿਤ ਇਕ ਨਿੱਜੀ ਹੋਟਲ ਵਿਚ UTCA ਦੀ 43ਵੀਂ ਸਾਲਾਨਾ ਜਨਰਲ ਮੀਟਿੰਗ (AGM) ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵਿੱਚ ਹਰ ਉਮਰ ਵਰਗ ਦੀਆਂ ਮਹਿਲਾ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ, ਅਕਤੂਬਰ ਦੇ ਤੀਜੇ ਹਫ਼ਤੇ ਵਿਜੇ ਮਰਚੈਂਟ ਟਰਾਫੀ ਸ਼ੁਰੂ ਹੋਣ ਤੋਂ ਪਹਿਲਾਂ, UTCA ਤੀਜੇ ਸਵਰਗੀ ਬਲਰਾਮਜੀ ਦਾਸ ਟੰਡਨ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਅੰਡਰ-16 ਦੀ ਮੇਜ਼ਬਾਨੀ ਕਰੇਗਾ। ਇਸ ਵਿੱਚ 12 ਰਾਜਾਂ ਦੇ ਕ੍ਰਿਕਟਰ ਹਿੱਸਾ ਲੈਣਗੇ।
ਟੰਡਨ ਨੇ ਕਿਹਾ ਕਿ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਮਜ਼ਬੂਤ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। UTCA ਖਿਡਾਰੀਆਂ ਦੀ ਫਿਟਨੈਸ ਅਤੇ ਫੀਲਡਿੰਗ ਨੂੰ ਲੈ ਕੇ ਬਹੁਤ ਸੁਚੇਤ ਹੈ। ਸਾਬਕਾ ਕ੍ਰਿਕਟ ਖਿਡਾਰੀਆਂ ਦੇ ਪਿਛਲੇ ਸੀਜ਼ਨ ‘ਚ ਪ੍ਰਦਰਸ਼ਨ ਨੂੰ ਲੈ ਕੇ ਸਲਾਹ ਕਰਨ ਤੋਂ ਬਾਅਦ ਹੁਣ ਜ਼ਿਆਦਾ ਗਿਣਤੀ ‘ਚ ਫਿਟਨੈੱਸ ਅਤੇ ਫੀਲਡਿੰਗ ਕੈਂਪ ਲਗਾਏ ਜਾ ਰਹੇ ਹਨ। ਇਸ ਦਿਸ਼ਾ ਵਿੱਚ ਸਹਾਇਕ ਅਮਲੇ ਨੂੰ ਵੀ ਪ੍ਰਭਾਵੀ ਬਣਾਇਆ ਗਿਆ ਹੈ।