ਚੰਡੀਗੜ੍ਹ ਤੋਂ ਮਨਾਲੀ ਦਾ ਸਫਰ ਹੁਣ ਛੇ ਤੋਂ ਸੱਤ ਘੰਟਿਆ ਵਿਚ, ਚਾਰ ਰਸਤਿਆਂ ਵਾਲੀ ਸੜਕ ਨੇ ਬਦਲੀ ਤਸਵੀਰ
ਹਿਮਾਚਲ ਪ੍ਰਦੇਸ਼, 29 ਮਈ (ਪੰਜਾਬ ਡਾਇਰੀ)-ਪਹਾੜੀ ਖੇਤਰ ਵਿਚ ਹਿਮਾਚਲ ਪ੍ਰਦੇਸ਼ ਵਿਚ ਸੜਕਾਂ ਨੂੰ ਜੀਵਨ ਰੇਖਾ ਦਾ ਨਾਮ ਦਿੱਤਾ ਜਾਂਦਾ ਹੈ। ਇਸ ਪਹਾੜੀ ਖੇਤਰ ਵਿਚ ਵੈਸੇ ਤਾਂ ਸੜਕਾਂ ਦਾ ਜਾਲ ਵਿਛ ਚੁੱਕਾ ਹੈ ਪਰ ਨੈਸ਼ਨਲ ਹਾਈਵੇਅ ਅਥਾਰਟੀ (ਐਨ.ਐਚ.ਏ.ਆਈ.) ਦੁਆਰਾ ਬਣ ਰਹੀ ਫੋਰ ਲਾਈਨ ਨੇ ਪ੍ਰਦੇਸ਼ ਦੀ ਤਸਵੀਰ ਹੀ ਬਦਲ ਦਿੱਤੀ ਹੈ।
ਪਰਵਾਣੂ ਤੋਂ ਸ਼ਿਮਲਾ, ਚੰਡੀਗੜ੍ਹ ਕੀਰਤਪੁਰ ਤੋਂ ਮਨਾਲੀ ਅਤੇ ਪਠਾਨਕੋਟ ਤੋਂ ਮੰਡੀ ਅਤੇ ਮਟੌਰ ਕਾਂਗੜਾ ਤੋਂ ਸ਼ਿਮਲਾ ਲਈ ਇਨ੍ਹਾਂ ਦਿਨਾਂ ਵਿਚ ਫੋਰ ਲਾਈਨ ਦਾ ਕੰਮ ਜੋਰਾਂ ’ਤੇ ਚੱਲ ਰਿਹਾ ਹੈ। ਇਸ ਵਿਚ ਚੰਡੀਗੜ੍ਹ ਤੋਂ ਕੀਰਤਪੁਰ ਮਨਾਲੀ ਫੋਰ ਲਾਈਨ ਦਾ ਜਿਆਦਾਤਰ ਹਿੱਸਾ ਬਣ ਕੇ ਤਿਆਰ ਹੋ ਗਿਆ ਹੈ ਜੋ ਜੂਨ ਮਹੀਨੇ ਤੋਂ ਰਸਮੀ ਤੌਰ ’ਤੇ ਸ਼ੁਰੂ ਹੋ ਰਿਹਾ ਹੈ।
ਇਸ ਫੋਰ ਲਾਈਨ ਦੇ ਬਣਨ ਨਾਲ ਪ੍ਰਦੇਸ਼ ਦੇ ਅੱਧੇ ਹਿੱਸੇ ਦੀ ਤਕਦੀਰ ਅਤੇ ਤਸਵੀਰ ਹੀ ਬਦਲ ਗਈ ਹੈ।
ਚੰਡੀਗੜ੍ਹ ਤੋਂ ਮਨਾਲੀ ਪਹੁੰਚਣ ਲਈ ਜੋ ਸੈਲਾਨੀ ਅਤੇ ਹੋਰ ਲੋਕ ਆਪਣੇ ਜਾਂ ਆਮ ਆਵਾਜਾਈ ਨਾਲ 10 ਤੋਂ 12 ਘੰਟਿਆਂ ਵਿਚ ਪਹੁੰਚਦੇ ਸਨ, ਉਹ ਹੁਣ 6 ਤੋਂ 7 ਘੰਟੇ ਵਿਚ ਪਹੁੰਚ ਜਾਣਗੇ ਜਾਂ ਫਿਰ ਕਿਹਾ ਜਾ ਸਕਦਾ ਹੈ ਕਿ ਪਹੁੰਚਣ ਲੱਗੇ ਹਨ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਫੋਰ ਲਾਈਨ ਨੇ ਸਾਰਾ ਥਕਾਉਣ ਵਾਲਾ ਸਫਰ ਹੀ ਖਤਮ ਕਰ ਦਿੱਤਾ ਹੈ। ਚੜਾਈ ’ਤੇ ਰੇਂਗ ਰੇਂਗ ਕੇ ਵਹੀਕਲਾਂ ਦਾ ਚੱਲਣਾ ਹੁਣ ਬੀਤੇ ਜਮਾਨੇ ਦੀ ਗੱਲ ਹੋ ਗਈ ਹੈ। ਇਸ ਰਸਤੇ ’ਤੇ ਉਤਰਾ ਅਤੇ ਚੜਾਈ ਦੀ ਜਗ੍ਹਾ ਹੁਣ 12 ਤੋਂ ਜਿਆਦਾ ਬਣਾਈਆਂ ਗਈਆਂ ਅਦਭੁਤ ਨਿਸ਼ਾਨੀ ਬਣ ਚੁੱਕੀਆਂ ਸੁਰੰਗਾਂ ਨੇ ਲੈ ਲਈ ਹੈ।
ਨਾ ਕੋਈ ਜਾਮ, ਨਾ ਵਹੀਕਲਾਂ ਦੀ ਲੰਮੀ ਲਾਈਨ, ਸਭ ਖਤਮ।
ਸੁਹਾਵਨੇ ਅਤੇ ਰੋਮਾਂਚਕ ਸਫਰ ਦੀ ਸ਼ੁਰੂਆਤ ਕੀਰਤਪੁਰ ਤੋਂ ਅੱਗੇ ਵਧਦੇ ਗੜਾਮੋੜ ਕੋਲ ਕੈਂਜੀ ਮੋੜ, ਜਿਥੋਂ ਪ੍ਰਸਿਧ ਸ਼ਕਤੀ ਪੀਠ ਨੈਣਾ ਦੇਵੀ ਮਾਤਾ ਲਈ ਸੜਕ ਜਾਂਦੀ ਹੈ, ਦੇ ਕੋਲ ਬਣੀ ਪਹਿਲੀ ਸੁਰੰਗ (ਦੋ ਕਿਲੋਮੀਟਰ ਲੰਮੀ ਹੈ) ਮਤਲਬ ਸਵਾਰਘਾਟ ਦੀ ਚੜ੍ਹਾਈ ਅਤੇ ਅੱਗੇ ਉਤਾਰ ਦਾ ਝੰਜਟ ਖਤਮ।
ਸੁਰੰਗ ਦਾ ਐਂਟਰੀ ਗੈਟ ਕਿਸੇ ਸੈਲਾਨੀ ਸਥਲ ਦੀ ਤਰ੍ਹਾਂ ਸਜਾ ਦਿੱਤਾ ਗਿਆ ਹੈ ਤਾਂ ਕਿ ਹਿਮਾਚਲ ਆਉਣ ਵਾਲੇ ਸੈਲਾਨੀਆਂ ਨੂੰ ਇੱਕ ਰੋਮਾਂਚਕ ਅਤੇ ਸਵਾਗਤ ਵਾਲੇ ਮਾਹੌਲ ਦਾ ਅਹਿਸਾਸ ਹੋਵੇ। ਕੁਝ ਹੀ ਪਲਾਂ ਵਿਚ ਇਸ ਸੁਰੰਗ ਨੂੰ ਪਾਰ ਕਰਕੇ 65 ਕਿਲੋਮੀਟਰ ਦੇ ਦਾਇਰੇ ਵਿਚ ਫੈਲੀ ਭਾਖੜਾ ਡੈਮ ਦੀ ਝੀਲ ਦੇ ਦਰਸ਼ਨ ਹੋਣ ਲੱਗਦੇ ਹਨ
ਜਿਸਨੂੰ ਹੁਣ ਗੋਬਿੰਦ ਸਾਗਰ ਡੈਮ ਕਿਹਾ ਜਾਂਦਾ ਹੈ। ਪੁਰਾਣੀ ਸੜਕ ਤੋਂ ਹਟ ਕੇ ਨਵੇਂ ਖੇਤਰ ਵਿਚ ਸਤਲੁਜ ਨਦੀ ’ਤੇ ਬਣੇ ਡੈਮ ਦੀ ਇਸ ਝੀਲ ਦੇ ਸੁੰਦਰ ਨਜਾਰੇ ਨਾਲ ਇਹ ਫੋਰ ਲਾਈਨ ਇੱਕ ਤੋਂ ਬਾਅਦ ਇੱਕ ਸੁਰੰਗ ਨੂੰ ਪਾਰ ਕਰਕੇ ਬਿਲਾਸਪੁਰ ਦੇ ਅੱਗੋਂ ਲੰਘਦੀ ਹੋਈ ਮੰਡੀ ਜਿਲ੍ਹੇ ਦੇ ਡੈਹਰ ਵਿਚ ਦਾਖਲ ਹੁੰਦੀ ਹੈ।
ਜਦੋਂ ਤੱਕ ਪਹਿਲੇ ਵਾਲੇ ਕਸ਼ਟਦਾਇਕ, ਥਕਾਊ, ਤੰਗ ਸੜਕ ਵਾਲੇ ਸਫਰ ਦੀ ਯਾਦ ਆਉਂਦੀ ਹੈ, ਉਦੋਂ ਤੱਕ ਇਸ ਫੋਰ ਲਾਈਨ ਤੋਂ ਸੈਲਾਨੀ ਆਪਣੇ ਵਹੀਕਲ ਤੋਂ ਹਵਾ ਨਾਲ ਗੱਲਾਂ ਕਰਦੇ ਹੋਏ ਮੰਡੀ ਦੀ ਸੜਕ ਨੂੰ ਮਾਪਨਾ ਸ਼ੁਰੂ ਕਰ ਦਿੰਦੇ ਹਨ ਅਤੇ ਸੁੰਦਰ ਨਗਰ, ਬਲਹ ਘਾਟੀ ਤੋਂ ਹੁੰਦੇ ਹੋਏ ਛੋਟੀ ਕਾਸ਼ੀ ਮੰਡੀ ਕੋਲ ਫਿਰ ਤੋਂ ਦੋ ਜੁੜਵਾ ਸੁਰੰਗਾਂ ਦੇ ਰੋਮਾਂਚ ਨਾਲ ਦੋ-ਚਾਰ ਹੁੰਦੇ ਹੋਏ ਬਿਆਸ ਨਦੀ ਦੇ ਕਿਨਾਰੇ ਤੱਕ ਜਾ ਪਹੁੰਚਦਾ ਹੈ। ਇਥੋਂ ਇਹ ਰਸਤਾ ਬਿਆਸ ਨਦੀ ਦੇ ਨਾਲ ਅੱਗੇ ਵਧਦਾ ਹੈ ਅਤੇ ਫਿਰ ਉਸਦਾ ਰੋਮਾਂਚ ਵੀ ਕਈ ਗੁਣਾ ਵੱਧਣ ਲਗਦਾ ਹੈ।
ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਹੈ ਕਿ ਕੀਰਤਪੁਰ ਮਨਾਲੀ ਫੋਰ ਲਾਈਨ ਦਾ ਉਦਘਾਟਨ ਤਿੰਨ ਭਾਗਾਂ, ਕੀਰਤਪੁਰ, ਨੈਰਚੌਂਕ, ਨਾਗਜਲਾ ਤੋਂ ਟਕੋਲੀ ਅਤੇ ਅੱਗੇ ਮਨਾਲੀ ਤੱਕ ਦਾ ਉਦਘਾਟਨ ਜੂਨ ਮਹੀਨੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਣਾ ਸੰਭਾਵਿਤ ਹੈ ਜੋ ਬਿਲਾਸਪੁਰ ਜਾਂ ਕੁੱਲੂ ਕਿਸੇ ਇੱਕ ਜਗ੍ਹਾ ਹੋ ਸਕਦਾ ਹੈ। ਉਨ੍ਹਾਂ ਅਨੁਸਾਰ ਪ੍ਰਦੇਸ਼ ਵਿਚ ਇਸ ਸਮੇਂ 41 ਹਜਾਰ ਕਰੋੜ ਦੇ ਫੋਰ ਲਾਈਨ ਤਿਆਰ ਹੋ ਰਹੇ ਹਨ।
ਸ਼ਿਮਲਾ ਤੋਂ ਮਟੋਰ ਕਾਂਗੜਾ ਤੱਕ 223 ਕਿਲੋਮੀਟਰ ਫੋਰ ਲਾਈਨ 8 ਹਜਾਰ ਕਰੋੜ, ਪਠਾਨਕੋਟ ਤੋਂ ਮੰਡੀ 197 ਕਿਲੋਮੀਟਰ ਫੋਰ ਲਾਈਨ 10 ਹਜਾਰ ਕਰੋੜ, ਪਰਵਾਣੂ ਤੋਂ ਢਲੀ ਤੱਕ 104 ਕਿਲੋਮੀਟਰ ਫੋਰ ਲਾਈਨ 8 ਹਜਾਰ ਕਰੋੜ ਨਾਲ ਤਿਆਰ ਹੋ ਰਹੀ ਹੈ, ਜਦੋਂ ਕਿ ਕੀਰਤਪੁਰ ਤੋਂ ਮਨਾਲੀ ਤੱਕ 159 ਕਿਲੋਮੀਟਰ ਫੋਰ ਲਾਈਨ ਉੱਤੇ 8100 ਕਰੋੜ ਦਾ ਖਰਚ ਹੋ ਰਿਹਾ ਹੈ।
ਉਨ੍ਹਾਂ ਨੇ ਮੰਨਿਆ ਕਿ ਇਸ ਵਿਚ ਸੁੰਦਰਨਗਰ ਬਾਈਪਾਸ ਸਮੇਤ ਕੁਝ ਹਿੱਸਾ ਤਿਆਰ ਹੋਣਾ ਬਾਕੀ ਹੈ, ਪਰੰਤੂ ਜਿਆਦਾਤਰ ਰਸਤਾ ਤਿਆਰ ਹੋ ਚੁੱਕਾ ਹੈ ਜਿਸਦਾ ਉਦਘਾਟਨ ਜਲਦੀ ਹੋਵੇਗਾ।
ਉੱਚੇ-ਉੱਚੇ ਪਹਾੜਾਂ ਵਿਚਾਲੇ ਓਵਰਹੈੱਡ ਉੱਤੇ ਚੱਲਣ ਦਾ ਹੈਰਾਨੀਜਨਕ ਰੋਮਾਂਚ ਤੇ ਕਿਤੇ ਹਣੋਗੀ ਤੋਂ ਝਲੋਗੀ ਤੱਕ ਪੰਜ ਸੁਰੰਗਾਂ ਵਿਚੋਂ ਗੁਜਰਨ ਦਾ ਅਨੰਦ ਦਾ ਤਜਰਬਾ ਕਰਦੇ ਹੋਏ ਇੱਕ ਦਮ ਕੁੱਲੂ ਮਨਾਲੀ ਘਾਟੀ ਵਿਚ ਪਹੁੰਚਾ ਦਿੰਦਾ ਹੈ।
ਚੰਡੀਗੜ੍ਹ ਤੋਂ ਮੰਡੀ 200 ਕਿਲੋਮੀਟਰ ਅਤੇ ਅੱਗੇ ਮਨਾਲੀ ਤੱਕ 110 ਕਿਲੋਮੀਟਰ ਭਾਵ 310 ਕਿਲੋਮੀਟਰ ਦੇ ਇਸ ਸਫਰ ਨੂੰ ਹੁਣ ਇਸ ਫੋਰ ਲਾਈਨ ਨੇ ਮਨਾਲੀ ਤੱਕ 49 ਅਤੇ ਮੰਡੀ ਤੱਕ 37 ਕਿਲੋਮੀਟਰ ਘੱਟ ਕਰ ਦਿੱਤਾ ਹੈ। ਇਸਦੇ ਨਾਲਹੀ ਤੰਗ ਸੜਕ, ਵਹੀਕਲਾਂ ਅੰਧੂ ਧੁੰਦ ਰੌਲਾ ਤੇ ਚੜਾਈ ਉਤਾਰ, ਸੀਮੈਂਟ ਦੇ ਲੱਦੇ ਟਰੱਕਾਂ ਦੀਆਂ ਲਾਈਨਾਂ ਨਾਲ ਪੈਦਾ ਹੁੰਦੀ ਪ੍ਰੇਸ਼ਾਨੀ ਹੁਣ ਕਿਤੇ ਨਹੀਂ ਦਿਖਾਈ ਦਿੰਦੀ।
ਅਜਿਹਾ ਹੋਣ ਨਾਲ ਹੁਣ ਇਸ ਸਫਰ ਵਿਚ ਥਕਾਵਟ ਨਾਮ ਦੀਕੋਈ ਚੀਜ ਨਹੀਂ ਹੁੰਦੀ। ਅਜਿਹਾ ਲੱਗਦਾ ਹੈ ਕਿ ਫੋਰ ਲਾਈਨ ਨਹੀਂ, ਨਵੇਂ ਹਿਮਾਚਲ ਦੀ ਤਕਦੀਰ ਅਤੇ ਤਸਵੀਰ ਹੈ, ਜਿਸ ਨਾਲ ਪ੍ਰਦੇਸ਼ ਵਿਚ ਸੈਲਾਨੀ ਨੂੰ ਹੋਰ ਖੰਭ ਲੱਗਣਗੇ। ਆਰ.ਆਈ.ਟੀ. ਮੰਡੀ, ਐਮਜ ਬਿਲਾਸਪੁਰ, ਸਰਦਾਰ ਪਟੇਲ ਯੂਨੀਵਰਸਿਟੀ ਮੰਡੀ, ਮੈਡੀਕਲ ਕਾਲਿਜ ਨੇਰਚੌਂਕ ਮੰਡੀ ਜਾਂ ਹੋਰ ਵੱਡੇ ਅਦਾਰਿਆਂ ਵਿਚ ਆਉਣ ਵਾਲੇ ਹੁਣ ਹਿਮਾਚਲ ਆਉਣ ਤੋਂ ਬਿਲਕੁਲ ਨਹੀਂ ਹਿਚਕਿਚਾਉਣਗੇ। ਹੁਣ ਇਹ ਕੋਈ ਸੁਪਨਾ ਨਹੀਂ ਰਿਹਾ, ਹਕੀਕਤ ਵਿਚ ਬਦਲ ਗਿਆ ਹੈ।