ਚੰਡੀਗੜ੍ਹ ਦੇ ਮਸਲੇ ਤੇ ਕੇਂਦਰ ਸਰਕਾਰ ਖ਼ਿਲਾਫ਼ ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ
ਪਟਿਆਲਾ, 6 ਅਪ੍ਰੈਲ (ਅੰਗਰੇਜ ਸਿੰਘ ਵਿੱਕੀ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਤਿੰਨ ਵਿਦਿਆਰਥੀ ਜਥੇਬੰਦੀਆਂ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਸਾਂਝੇ ਤੌਰ ‘ਤੇ ਚੰਡੀਗਡ਼੍ਹ ਦੇ ਮਸਲੇ ‘ਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪੀ.ਆਰ.ਐੱਸ.ਯੂ. ਦੇ ਪ੍ਰਧਾਨ ਰਸ਼ਪਿੰਦਰ ਜਿੰਮੀ, ਐੱਸ.ਐੱਫ.ਆਈ. ਤੋਂ ਰਾਜਵਿੰਦਰ ਸਿੰਘ ਅਤੇ ਏ.ਆਈ.ਐੱਸ.ਐੱਫ. ਤੋਂ ਪ੍ਰਿਤਪੌਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੀਆਂ ਹੱਕਾਂ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ, ਪਹਿਲਾਂ ਜੀਐੱਸਟੀ, ਫਿਰ ਬੀ.ਐਸ.ਐਫ. ਦਾ ਘੇਰਾ ਵਧਾ ਕੇ ਕਰੀਬਨ ਪੰਜਾਬ ਦੇ ਤੀਜੇ ਹਿੱਸੇ ਨੂੰ ਬੀਐਸਐਫ ਦੇ ਹਵਾਲੇ ਕਰ ਦੇਣਾ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਨੂੰ ਬਾਹਰ ਕਰ ਦੇਣਾ ਅਤੇ ਹੁਣ ਚੰਡੀਗੜ੍ਹ ਵਿਚੋਂ ਪੰਜਾਬ ਸਿਵਲ ਸਰਵਸਿਸ ਸਕਣਗੇ ਭੰਗ ਕਰ ਕੇ ਕੇਂਦਰ ਦੇ ਕਾਨੂੰਨ ਲਾਗੂ ਕਰ ਦੇਣਾ ਸਾਬਤ ਕਰਦਾ ਹੈ ਕਿ ਕੇਂਦਰ ਸਰਕਾਰ ਸੰਵਿਧਾਨ ਦੀਆਂ ਧੱਜੀਆਂ ਉਡਾਉਂਦਿਆਂ ਸੰਘੀ ਢਾਂਚੇ ਦੇ ਉਲਟ ਤਾਕਤਾਂ ਦਾ ਕੇਂਦਰੀਕਰਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੇ 50 ਪਿੰਡਾਂ ਦੇ ਉਜਾੜੇ ਤੋਂ ਬਾਅਦ ਬਣਾਇਆ ਗਿਆ ਹੈ, ਵੰਡ ਤੋਂ ਬਾਅਦ ਜਦੋਂ ਚੰਡੀਗੜ੍ਹ ਬਣਾਇਆ ਗਿਆ ਤਾਂ ਇਹ ਕਿਹਾ ਗਿਆ ਸੀ ਕਿ ਚੰਡੀਗੜ੍ਹ ਉੱਪਰ ਪੰਜਾਬ ਦਾ ਹੱਕ ਹੋਵੇਗਾ। ਹੁਣ ਤੱਕ ਚੰਡੀਗੜ੍ਹ ਵਿੱਚ ਪੰਜਾਬ ਸਿਵਲ ਸਰਵਿਸ ਕਾਨੂੰਨ ਲਾਗੂ ਹੋਣ ਦਾ ਮਤਲਬ ਹੀ ਇਹ ਹੈ ਕਿ ਚੰਡੀਗੜ੍ਹ ਉਪਰ ਪੰਜਾਬ ਦਾ ਹੱਕ ਹੈ। ਕਿਸੇ ਸੂਬੇ ਤੋਂ ਉਸ ਦੀ ਰਾਜਧਾਨੀ ਖੋਹ ਲੈਣਾ ਇਹ ਸੂਬੇ ਦੇ ਜਮਹੂਰੀ ਹੱਕਾਂ ਦਾ ਘਾਣ ਹੈ ਜਿਸ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਮੰਗ ਕੀਤੀ ਕਿ ਚੰਡੀਗੜ੍ਹ ਨੂੰ ਫੌਰੀ ਪੰਜਾਬ ਦੇ ਹਵਾਲੇ ਕੀਤਾ ਜਾਵੇ ਤੇ ਬੀਬੀਐੱਮਬੀ ਸਮੇਤ ਦਰਿਆਈ ਪਾਣੀਆਂ ਦਾ ਹੱਕ ਪੰਜਾਬ ਨੂੰ ਦਿੱਤਾ ਜਾਵੇ ਅਤੇ ਬੀਐੱਸਐੱਫ ਦਾ ਘੇਰਾ ਵਧਾਉਣ ਦਾ ਫ਼ੈਸਲਾ ਵਾਪਸ ਲਿਆ ਜਾਵੇ।