ਚੰਡੀਗੜ੍ਹ ਦੇ 1500 ਸਰਕਾਰੀ ਭਵਨਾਂ ‘ਤੇ ਲੱਗਣਗੇ ਸੋਲਰ ਪੈਨਲ, CREST ਵੱਲੋਂ ਜਾਰੀ ਕੀਤਾ ਗਿਆ 20 ਕਰੋੜ ਦਾ ਬਜਟ
ਚੰਡੀਗੜ੍ਹ, 12 ਸਤੰਬਰ (ਡੇਲੀ ਪੋਸਟ ਪੰਜਾਬੀ)- ਚੰਡੀਗੜ੍ਹ ਰੀਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਕਮੇਟੀ ਨੇ ਦਸੰਬਰ ਮਹੀਨੇ ਤੱਕ ਚੰਡੀਗੜ੍ਹ ਵਿੱਚ 75 ਮੈਗਾਵਾਟ ਵਾਧੂ ਬਿਜਲੀ ਪੈਦਾ ਕਰਨ ਦਾ ਟੀਚਾ ਰੱਖਿਆ ਹੈ। ਇਸ ਦੇ ਲਈ ਚੰਡੀਗੜ੍ਹ ਸ਼ਹਿਰ ਦੀਆਂ ਸਰਕਾਰੀ ਇਮਾਰਤਾਂ ‘ਤੇ ਸੋਲਰ ਪੈਨਲ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਵਿਭਾਗ ਵੱਲੋਂ ਇਸ ਲਈ 20 ਕਰੋੜ ਰੁਪਏ ਦਾ ਬਜਟ ਵੀ ਰੱਖਿਆ ਗਿਆ ਹੈ।
ਇਸ ‘ਚ ਕਰੀਬ 1500 ਸਰਕਾਰੀ ਘਰਾਂ ‘ਤੇ ਸੋਲਰ ਪੈਨਲ ਲਗਾਏ ਜਾਣਗੇ। ਇਹ ਸਰਕਾਰੀ ਮਕਾਨ ਸੈਕਟਰ 7, 27, 19 ਅਤੇ 23 ਵਿੱਚ ਬਣੇ ਹੋਏ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲਾਂ ਹੀ 500 ਗਜ਼ ਦੇ ਅੰਦਰ ਵਾਲੇ ਘਰਾਂ ਲਈ ਛੱਤਾਂ ‘ਤੇ ਸੋਲਰ ਪੈਨਲ ਲਗਾਉਣਾ ਲਾਜ਼ਮੀ ਕਰ ਦਿੱਤਾ ਸੀ। ਇਸ ਕਾਰਨ ਕਰਕੇ, ਚੰਡੀਗੜ੍ਹ ਸ਼ਹਿਰ ਦੇਸ਼ ਦੇ ਸਾਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਸਭ ਤੋਂ ਵੱਡਾ ਸੂਰਜੀ ਊਰਜਾ ਪੈਦਾ ਕਰਨ ਵਾਲਾ ਰਾਜ ਹੈ।
ਵਰਤਮਾਨ ਵਿੱਚ, ਇੱਥੇ ਲਗਭਗ 64 ਮੈਗਾਵਾਟ ਸੂਰਜੀ ਊਰਜਾ ਦੀ ਸਮਰੱਥਾ ਵਾਲੇ ਸੋਲਰ ਪੈਨਲ ਲਗਾਏ ਗਏ ਹਨ। ਪ੍ਰਸ਼ਾਸਨ ਨੇ 2025 ਤੱਕ 100 ਮੈਗਾਵਾਟ ਸਮਰੱਥਾ ਵਾਲੇ ਸੋਲਰ ਪੈਨਲ ਲਗਾਉਣ ਦਾ ਟੀਚਾ ਰੱਖਿਆ ਹੈ। ਇਸ ਦੇ ਲਈ ਹੁਣ ਸੈਕਟਰ 39 ਵਿੱਚ ਬਣੇ ਵਾਟਰ ਵਰਕਸ ਵਿੱਚ ਦੋ ਫਲੋਟਿੰਗ ਸੋਲਰ ਪੈਨਲ ਲਗਾਉਣ ਦੀ ਤਿਆਰੀ ਚੱਲ ਰਹੀ ਹੈ। ਇਨ੍ਹਾਂ ਦੀ ਸਮਰੱਥਾ ਲਗਭਗ 10 ਮੈਗਾਵਾਟ ਹੋਵੇਗੀ। ਇਸ ਦੇ ਲਈ ਟੈਂਕ ਨੰਬਰ 1,2,5 ਅਤੇ 6 ‘ਤੇ ਫਲੋਟਿੰਗ ਸੋਲਰ ਪੈਨਲ ਲਗਾਏ ਜਾਣਗੇ।