ਚੰਦਰਯਾਨ-3 ਦੀ ਲਾਂਚਿੰਗ ਦੇਖਣ ਗਈ ਵਿਦਿਆਰਥਣ ਦਾ ਫੁੱਲਾਂ ਦੀ ਵਰਖਾ ਨਾਲ ਸੁਆਗਤ
* ਸਿਮਰਨਜੋਤ ਦੀ ਪ੍ਰਾਪਤੀ ਨਾਲ ਹੋਰ ਬੱਚੇ ਵੀ ਹੋਣਗੇ ਪ੍ਰੇਰਿਤ : ਪਿ੍ੰ. ਮਨਿੰਦਰ ਕੌਰ!
ਫਰੀਦਕੋਟ, 17 ਜੁਲਾਈ (ਪੰਜਾਬ ਡਾਇਰੀ)- ਚੰਦਰਯਾਨ-3 ਦੀ ਸ਼੍ਰੀ ਹਰੀ ਕੋਟਾ ਵਿੱਚ ਹੋਣ ਵਾਲੀ ਲਾਂਚਿੰਗ ਨੂੰ ਦੇਖਣ ਲਈ ਸੂਬਾ ਸਰਕਾਰ ਵਲੋਂ ਪੰਜਾਬ ਭਰ ਤੋਂ ਲਿਜਾਏ ਗਏ 40 ਵਿਦਿਆਰਥੀਆਂ ਵਿੱਚ ਕੋਟਕਪੂਰਾ ਦੇ ‘ਸਕੂਲ ਆਫ ਐਮੀਨੈਂਸ’ ਦੀ 9ਵੀਂ ਜਮਾਤ ਦੀ ਵਿਦਿਆਰਥਣ ਸਿਮਰਨਜੋਤ ਕੌਰ ਦੇ ਵਾਪਸ ਸਕੂਲ ਪੁੱਜਣ ’ਤੇ ਪਿ੍ੰਸੀਪਲ ਸਮੇਤ ਸਮੂਹ ਸਟਾਫ, ਸਕੂਲ ਮੈਨੇਜਮੈਂਟ ਕਮੇਟੀ ਅਤੇ ਵਿਦਿਆਰਥੀਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸੁਆਗਤ ਕੀਤਾ ਗਿਆ। ਪਹਿਲਾਂ ਸਕੁੂਲ ਸਟਾਫ ਨੇ ਸਿਮਰਨਜੋਤ ਕੌਰ ਅਤੇ ਉਸਦੇ ਮਾਤਾ-ਪਿਤਾ ਨੂੰ ਹਾਰ ਪਾ ਕੇ ਤੇ ਬੁੱਕੇ ਭੇਂਟ ਕਰਕੇ ਸਨਮਾਨਿਤ ਕੀਤਾ। ਆਪਣੇ ਸੰਬੋਧਨ ਦੌਰਾਨ ਪਿ੍ੰਸੀਪਲ ਮਨਿੰਦਰ ਕੌਰ ਨੇ ਆਖਿਆ ਕਿ ਜਿਲੇ ਭਰ ਵਿੱਚੋਂ ਇੱਕੋ ਇਕ ਹੋਣਹਾਰ ਵਿਦਿਆਰਥਣ ਦਾ ‘ਚੰਦਰਯਾਨ-3 ਦੀ ਲਾਂਚਿੰਗ’ ਦੇਖਣ ਲਈ ਜਾਣ, ਉੱਥੇ ਮੁੱਖ ਮੰਤਰੀ ਪੰਜਾਬ ਸਮੇਤ ਹੋਰ ਵੱਡੇ ਵੱਡੇ ਅਫਸਰਾਂ ਨਾਲ ਗੱਲਬਾਤ ਕਰਨ ਅਤੇ ਵਿਲੱਖਣ ਜਾਣਕਾਰੀ ਲੈਣ ਵਾਲੀਆਂ ਪ੍ਰਾਪਤੀਆਂ ਤੋਂ ਹੋਰਨਾਂ ਬੱਚਿਆਂ ਨੂੰ ਪੇ੍ਰਨਾ ਮਿਲਣੀ ਸੁਭਾਵਿਕ ਹੈ।
ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਦੇਵ ਸਿੰਘ ਸ਼ੰਟੀ, ਉਪ ਚੇਅਰਮੈਨ ਨੇਹਾ ਸ਼ਰਮਾ ਸਮੇਤ ਮੈਂਬਰਾਂ ਵਿੱਚ ਸ਼ਾਮਲ ਮਨਦੀਪ ਸਿੰਘ ਮਿੰਟੂ ਗਿੱਲ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਜਿੱਥੇ ਸਿਮਰਨਜੋਤ ਕੌਰ ਨੂੰ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ, ਉੱਥੇ ਹੋਰਨਾ ਬੱਚਿਆਂ ਨੂੰ ਇਸ ਹੋਣਹਾਰ ਬੇਟੀ ਤੋਂ ਪ੍ਰੇਰਨਾ ਲੈਣ ਅਤੇ ਸਮਾਜਿਕ ਕੁਰੀਤੀਆਂ ਤੋਂ ਬਚਣ ਦਾ ਸੁਨੇਹਾ ਦਿੱਤਾ। ਸਕੂਲ ਸਟਾਫ ਵਲੋਂ ਸਿਮਰਨਜੋਤ ਕੌਰ ਨੂੰ ਸਕੂਲ ਬੈਗ ਅਤੇ ਸਨਮਾਨ ਚਿੰਨ ਦੇ ਕੇ ਵੱਖਰੇ ਤੌਰ ’ਤੇ ਵੀ ਸਨਮਾਨਿਤ ਕੀਤਾ ਗਿਆ। ਸਕੂਲ ਆਫ ਐਮੀਨੈਂਸ ਦੀ ਇੰਚਾਰਜ ਮੈਡਮ ਨੇਹਾ ਗੁਪਤਾ ਨੇ 2100 ਰੁਪਿਆ ਨਗਦ ਦੇ ਕੇ ਸਿਮਰਨਜੋਤ ਦਾ ਸਨਮਾਨ ਕੀਤਾ। ਜਿੱਥੇ ਸਿਮਰਨਜੋਤ ਕੌਰ ਦੇ ਮਾਤਾ-ਪਿਤਾ ਕ੍ਰਮਵਾਰ ਜਸਪ੍ਰੀਤ ਕੌਰ ਅਤੇ ਗੁਰਚਰਨ ਸਿੰਘ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਆਪਣੀ ਹੋਣਹਾਰ ਬੇਟੀ ’ਤੇ ਗਰਵ ਵੀ ਮਹਿਸੂਸ ਹੋ ਰਿਹਾ ਹੈ। ਉੱਥੇ ਦੱਸਿਆ ਕਿ ਉਹਨਾਂ ਦੀ ਬੇਟੀ ਸਿਮਰਨਜੋਤ ਕੌਰ ਸ਼ੁਰੂ ਤੋਂ ਹੀ ਪੜਾਈ ਵਿੱਚ ਹੁਸ਼ਿਆਰ ਰਹੀ ਹੈ, ਜਿੱਥੇ ਉਸ ਨੇ 8ਵੀਂ ਜਮਾਤ ਵਿੱਚ 98 ਫੀਸਦੀ ਨੰਬਰ ਲੈ ਕੇ ਪੰਜਾਬ ਦੀ ਮੈਰਿਟ ਸੂਚੀ ਵਿੱਚ ਜਗਾ ਬਣਾਈ ਸੀ, ਉੱਥੇ ਸਕੂਲ ਆਫ ਐਮੀਨੈਂਸ ਦੀ ਪ੍ਰਵੇਸ਼ ਪ੍ਰੀਖਿਆ ਵਿੱਚ ਵੀ ਟਾਪ ਕਰਕੇ 9ਵੀਂ ਜਮਾਤ ਵਿੱਚ ਦਾਖਲਾ ਲਿਆ। ਇਸ ਤੋਂ ਇਲਾਵਾ ਸਿਮਰਨਜੋਤ ਕੌਰ ਨੇ ਐਨ.ਐਮ.ਐਮ.ਐਸ. ਵਿੱਚ ਵੀ ਟਾਪ ਕਰਕੇ 12ਵੀਂ ਜਮਾਤ ਤੱਕ 12 ਹਜਾਰ ਰੁਪਏ ਸਲਾਨਾ ਸਕਾਲਰਸ਼ਿਪ ਵੀ ਜਿੱਤਣ ਵਿੱਚ ਸਫਲਤਾ ਹਾਸਲ ਕੀਤੀ। ਡਾ. ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਕੂਲ ਆਫ ਐਮੀਨੈਂਸ) ਦੀ ਪਿ੍ੰਸੀਪਲ ਮਨਿੰਦਰ ਕੌਰ ਮੁਤਾਬਿਕ ਸਿਮਰਨਜੋਤ ਕੌਰ ਬਹੁਤ ਹੀ ਹੁਸ਼ਿਆਰ ਵਿਦਿਆਰਥਣ ਹੈ ਅਤੇ ਉਹ ਹਮੇਸ਼ਾਂ ਪੜਾਈ ਵਿੱਚ ਮੂਹਰੇ ਰਹਿੰਦੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨੋਡਲ ਅਫਸਰ ਸੁਧੀਰ ਸੋਈ, ਰੇਸ਼ਮ ਸਿੰਘ, ਕੁਲਵੰਤ ਸਿੰਘ, ਕਿਰਨਦੀਪ ਸਿੰਘ, ਕਰਮਜੀਤ ਸਿੰਘ, ਰਾਜੀਵ ਦੂਆ, ਇਕਬਾਲ ਸਿੰਘ, ਹਰੀਸ਼ ਸ਼ਰਮਾ, ਦਿਲਪ੍ਰੀਤ ਕੌਰ, ਸੰਦੀਪ ਕੌਰ, ਚਰਨਜੀਤ ਕੌਰ, ਮਮਤਾ ਸ਼ਰਮਾ, ਹਰਪ੍ਰੀਤ ਸਿੰਘ ਚਾਨਾ, ਬੂਟਾ ਸਿੰਘ ਬਰਾੜ ਆਦਿ ਵੀ ਹਾਜਰ ਸਨ।