ਛੇਵੀਂ ਪੈਰਾ ਬੋਸ਼ੀਆ ਨੈਸ਼ਨਲ ਚੈਂਪੀਅਨਸ਼ਿਪ ਸ਼ਾਨੋ ਸ਼ੋਕਤ ਨਾਲ ਜਾਰੀ
(ਅੱਜ ਪੰਜਾਬ ਸਰਕਾਰ ਵੱਲੋਂ ਲੰਬੀ ਦੇ ਐਮ.ਐਲ.ਏ ਗੁਰਮੀਤ ਸਿੰਘ ਖੁੱਡੀਆਂ ਨੇ ਕੀਤੀ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ)
ਪਟਿਆਲਾ 19 ਮਾਰਚ :- ਪੈਰਾ ਬੋਸ਼ੀਆ ਸਪੋਰਟਸ ਵੈਲਫੇਅਰ ਸੋਸਾਇਟੀ ਇੰਡੀਆ ਵੱਲੋਂ ਮਿਤੀ 17 ਮਾਰਚ ਤੋਂ 21 ਮਾਰਚ 2022 ਤੱਕ ਚਿਤਕਾਰਾ ਯੂਨੀਵਰਸਿਟੀ ਚੰਡੀਗੜ੍ਹ ਰਾਜਪੁਰਾ ਰੋਡ ਪਟਿਆਲਾ ਵਿਖੇ ਛੇਵੀਂ ਪੈਰਾ ਬੋਸ਼ੀਆ ਨੈਸ਼ਨਲ ਚੈਂਪੀਅਨਸ਼ਿਪ ਸ਼ਾਨਦਾਰ ਤਰੀਕੇ ਨਾਲ ਕਰਵਾਈ ਜਾ ਰਹੀ ਹੈ। ਸਮੁੱਚੇ ਭਾਰਤ ਦੇ ਵੱਖ ਵੱਖ 17 ਰਾਜਾਂ ਤੋਂ 100 ਦੇ ਲਗਭਗ ਸਟੇਟ ਪੱਧਰ ਦੇ ਜੇਤੂ ਪੈਰਾ ਖਿਡਾਰੀ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਹਨ। ਅੱਜ 18 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਲੰਬੀ ਤੋਂ ਐਮ.ਐਲ.ਏ ਗੁਰਮੀਤ ਸਿੰਘ ਖੁੱਡੀਆਂ ਵਿਸ਼ੇਸ਼ ਤੌਰ ਤੇ ਚਿਤਕਾਰਾ ਯੂਨੀਵਰਸਿਟੀ ਪਟਿਆਲਾ ਵਿਖੇ ਪਹੁੰਚੇ। ਉਹਨਾਂ ਪੈਰਾ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਰਾ ਖਿਡਾਰੀਆਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇਗਾ, ਬਣਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ, ਦੂਜੇ ਖਿਡਾਰੀਆਂ ਵਾਂਗ ਪੈਰਾ ਖਿਡਾਰੀਆਂ ਨੂੰ ਵੀ ਨੌਕਰੀਆਂ ਵਿੱਚ ਪਹਿਲ ਦਿੱਤੀ ਜਾਵੇਗੀ ਅਤੇ ਅੰਤਰ ਰਾਸ਼ਟਰੀ ਪੱਧਰ ਤੱਕ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੇ ਬੋਸ਼ੀਆ ਖਿਡਾਰੀਆਂ ਅਤੇ ਹੋਰ ਪੈਰਾ ਖਿਡਾਰੀਆਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਬੋਸ਼ੀਆ ਇੰਡੀਆ ਦੇ ਪ੍ਰਬੰਧਕਾਂ ਜਸਪ੍ਰੀਤ ਸਿੰਘ ਧਾਲੀਵਾਲ, ਸ਼ਮਿੰਦਰ ਸਿੰਘ ਢਿੱਲੋਂ, ਡਾ. ਰਮਨਦੀਪ ਸਿੰਘ, ਦਵਿੰਦਰ ਸਿੰਘ ਟਫ਼ੀ ਬਰਾੜ ਆਦਿ ਵੱਲੋਂ ਵਿਸ਼ੇਸ਼ ਮਹਿਮਾਨ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਦਾ ਸਵਾਗਤ ਕਰਦੇ ਹੋਏ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਬੋਸ਼ੀਆ ਇੰਡੀਆ ਦੇ ਪ੍ਰਬੰਧਕਾਂ ਪ੍ਰਮੋਦ ਧੀਰ ਅਤੇ ਗੁਰਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ 18 ਤੋਂ 21 ਮਾਰਚ 2022 ਤੱਕ ਖਿਡਾਰੀਆਂ ਦੇ ਪੈਰਾ ਬੋਸ਼ੀਆ ਖੇਡ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ, 20 ਮਾਰਚ ਐਤਵਾਰ ਨੂੰ ਨੈਸ਼ਨਲ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਦਾ ਸਨਮਾਨ ਸਮਾਰੋਹ ਕੀਤਾ ਜਾਵੇਗਾ। ਇਸ ਨੈਸ਼ਨਲ ਚੈਪੀਅਨਸ਼ਿਪ ਵਿੱਚ ਬੀਸੀ 1, ਬੀਸੀ 2, ਬੀਸੀ 3, ਬੀਸੀ 4 ਕੈਟਾਗਿਰੀਆਂ ਦੇ ਮੈਚ ਕਰਵਾਏ ਜਾ ਰਹੇ ਹਨ। ਇਸ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਭਾਰਤ ਤੋਂ ਆਏ ਸਮੂਹ ਖਿਡਾਰੀਆਂ ਅਤੇ ਬੋਸ਼ੀਆ ਇੰਡੀਆ ਦੀ ਟੀਮ ਨੂੰ ਚਿਤਕਾਰਾ ਯੂਨੀਵਰਸਿਟੀ ਦੇ ਡਾ. ਮਧੂ ਚਿਤਕਾਰਾ ਪ੍ਰੋ ਚਾਂਸਲਰ, ਡਾ. ਅਰਚਨਾ ਮੰਤਰੀ ਵਾਈਸ ਚਾਂਸਲਰ ਆਦਿ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਚੈਂਪੀਅਨਸ਼ਿਪ ਨੂੰ ਸਫ਼ਲ ਬਣਾਉਣ ਲਈ ਅਮਨਦੀਪ ਸਿੰਘ ਬਰਾੜ, ਜਸਵਿੰਦਰ ਸਿੰਘ ਜੱਸ ਧਾਲੀਵਾਲ, ਮਨਪ੍ਰੀਤ ਸਿੰਘ ਸੇਖੋਂ, ਯਾਦਵਿੰਦਰ ਕੌਰ, ਜਸਪਾਲ ਸਿੰਘ ਬਰਾੜ, ਜਗਰੂਪ ਸਿੰਘ ਸੂਬਾ,ਜਸਵੰਤ ਸਿੰਘ ਢਿੱਲੋਂ, ਗਗਨਪ੍ਰੀਤ ਸਿੰਘ, ਜਸਇੰਦਰ ਸਿੰਘ, ਕਰਮਵੀਰ ਸਿੰਘ, ਰੀਸ਼ੂ ਗਰਗ ਆਦਿ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ।
ਫੋਟੋ 1: ਛੇਵੀਂ ਪੈਰਾ ਬੋਸ਼ੀਆ ਨੈਸ਼ਨਲ ਚੈਂਪੀਅਨਸ਼ਿਪ ਮੌਕੇ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਲੰਬੀ ਦੇ ਐਮ.ਐਲ.ਏ ਗੁਰਮੀਤ ਸਿੰਘ ਖੁੱਡੀਆਂ, ਚਿਤਕਾਰਾ ਯੂਨੀਵਰਸਿਟੀ ਅਤੇ ਬੋਸ਼ੀਆ ਇੰਡੀਆ ਦੇ ਪ੍ਰੰਬੰਧਕ।
ਫੋਟੋ 2: ਚਿਤਕਾਰਾ ਯੂਨੀਵਰਸਿਟੀ ਪਟਿਆਲਾ ਵਿਖੇ ਛੇਵੀਂ ਪੈਰਾ ਬੋਸ਼ੀਆ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਨ ਲਈ ਪਹੁੰਚੇ ਹਲਕਾ ਲੰਬੀ ਦੇ ਐਮ.ਐਲ.ਏ ਗੁਰਮੀਤ ਸਿੰਘ ਖੁੱਡੀਆਂ ਨੂੰ ਸਨਮਾਨਿਤ ਕਰਦੇ ਹੋਏ ਬੋਸ਼ੀਆ ਇੰਡੀਆ ਦੇ ਪ੍ਰਬੰਧਕ।