ਛੋਟੇ ਅਤੇ ਸੀਮਾਂਤੀ ਕਿਸਾਨਾਂ ਨੂੰ ਪਰਾਲੀ ਮੈਨੇਜਮੈਂਟ ਲਈ ਖੇਤੀ ਮਸ਼ੀਨਰੀ ਕਰਵਾਈ ਜਾਵੇਗੀ ਮੁਫਤ ਮੁਹੱਈਆ – ਡਿਪਟੀ ਕਮਿਸ਼ਨਰ
ਫਰੀਦਕੋਟ 9 ਨਵੰਬਰ (ਪੰਜਾਬ ਡਾਇਰੀ)- ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਜਿਲ੍ਹਾ ਫਰੀਦਕੋਟ ਅੰਦਰ ਹੁਕਮ ਜਾਰੀ ਕਰਦਿਆਂ ਸਮੂਹ ਸਹਿਕਾਰੀ ਸਭਾਵਾਂ, ਪੰਚਾਇੰਤਾਂ ਅਤੇ ਪਿੰਡਾਂ ਵਿੱਚ, ਕਸਟਮ ਹਾਈਰਿੰਗ ਸੈਂਟਰਾਂ ਜਿੰਨਾਂ ਪਾਸ 80% ਸਬਸਿਡੀ ਤੇ ਮੁਹੱਈਆ ਕਰਵਾਈ ਗਈ ਖੇਤੀ ਮਸ਼ੀਨਰੀ ਉਪਲਬਧ ਹੈ ਨੂੰ ਛੋਟੇ ਅਤੇ ਸੀਮਾਂਤੀ ਕਿਸਾਨਾਂ, ਜਿੰਨਾਂ ਪਾਸ 5 ਏਕੜ ਤੱਕ ਜਮੀਨ ਹੈ, ਨੂੰ ਪਰਾਲੀ ਮੈਨੇਜਮੈਂਟ ਲਈ ਇਹ ਮਸ਼ੀਨਰੀ ਮੁਫਤ ਮੁਹੱਈਆ ਕਰਵਾਉਣ ਦੇ ਆਦੇਸ਼ ਕੀਤੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਫਸਲ ਦੀ ਪਰਾਲੀ ਦੇ ਪ੍ਰਬੰਧਨ ਲਈ ਵੱਖ ਵੱਖ ਸਾਰਥਿਕ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਸਹਿਕਾਰੀ ਸਭਾਵਾਂ, ਪੰਚਾਇੰਤਾਂ ਅਤੇ ਪਿੰਡਾਂ ਵਿੱਚ ਕਸਟਮ ਹਾਈਰਿੰਗ ਸੈਂਟਰਾਂ ਪਾਸ 80% ਸਬਸਿਡੀ ਤੇ ਮੁਹੱਈਆ ਕਰਵਾਈ ਗਈ ਖੇਤੀ ਮਸ਼ੀਨਰੀ ਉਪਲਬੱਧ ਹੈ। ਉਨ੍ਹਾਂ ਕਿਹਾ ਕਿ ਕਈ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਇਸ ਮਸ਼ੀਨਰੀ ਦਾ ਛੋਟੇ ਅਤੇ ਸੀਮਾਂਤੀ ਕਿਸਾਨ ਕਈ ਵਾਰ ਵਿੱਤੀ ਮਜਬੂਰੀਆਂ ਕਾਰਨ ਲਾਭ ਉਠਾ ਨਹੀਂ ਪਾਉਂਦੇ, ਕਿਉਂਕਿ ਉਹਨਾਂ ਪਾਸ ਜਮੀਨਾਂ ਘੱਟ ਹਨ ਅਤੇ ਖੇਤੀ ਮਸ਼ੀਨਰੀ ਦਾ ਖਰਚਾ ਉਹਨਾਂ ਲਈ ਹੋਰ ਵਿੱਤੀ ਬੋਝ ਬਣਦਾ ਹੈ। ਜਿਸ ਕਰਕੇ ਉਹ ਝੋਨੇ ਦੀ ਫਸਲ ਦੀ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਲਈ ਮਜ਼ਬੂਰ ਹੁੰਦੇ ਹਨ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਛੋਟੇ ਕਿਸਾਨਾਂ ਵਲੋਂ ਖੇਤੀ ਮਸ਼ੀਨਰੀ ਦੀ ਪੂਰੀ ਤਰ੍ਹਾਂ ਵਰਤੋਂ ਨਾ ਕਰਨ ਦੀ ਬਜਾਏ ਉਹ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਅੱਗ ਲਗਾਉਂਦੇ ਹਨ, ਇਸ ਨਾਲ ਵਾਤਾਵਰਨ ਤਾਂ ਪ੍ਰਦੂਸ਼ਿਤ ਹੁੰਦਾ ਹੀ ਹੈ, ਨਾਲ ਹੀ ਜਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ। ਇਸ ਤਰ੍ਹਾਂ ਸਰਕਾਰ ਦਾ ਇਹ ਮਸ਼ੀਨਰੀ 80% ਸਬਸਿਡੀ ਤੇ ਦੇਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅਗਰ ਇਹ ਮਸ਼ੀਨਰੀ ਵਰਤੋਂ ਵਿੱਚ ਨਹੀਂ ਆਵੇਗੀ ਅਤੇ ਬਿਨਾਂ ਕਿਸੇ ਵਰਤੋਂ ਦੇ ਖੜ੍ਹੀ ਰਹੇਗੀ ਤਾਂ ਇਸ ਨਾਲ ਸਰਕਾਰ ਦਾ ਵਿੱਤੀ ਬੋਝ ਵੀ ਵੱਧਦਾ ਹੈ ਅਤੇ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਨ ਸ਼ੁੱਧ ਰੱਖਣ ਦੇ ਮੰਤਵ ਅਤੇ ਛੋਟੇ ਅਤੇ ਸੀਮਾਂਤੀ ਕਿਸਾਨਾਂ (ਤੱਕ ਖੇਤੀ ਮਸ਼ੀਨਰੀ ਦਾ ਲਾਭ ਪਹੁੰਚਾਉਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।