ਜਨਤਕ ਪਖਾਨਿਆਂ ਅਤੇ ਪਿਸ਼ਾਬ ਘਰਾਂ ਦੇ ਸਫਾਈ ਪ੍ਰਬੰਧ ਯਕੀਨੀ ਬਣਾਉਣ ਲਈ ਕੀਤੀਆਂ ਹਦਾਇਤਾਂ
ਫਰੀਦਕੋਟ, 29 ਮਈ (ਪੰਜਾਬ ਡਾਇਰੀ)- ਜਨਤਕ ਸਥਾਨਾਂ ਦੀ ਸਾਫ ਸਫਾਈ ਬਹੁਤ ਜਰੂਰੀ ਹੈ, ਕਿਉਂਕਿ ਜੇਕਰ ਸਾਡਾ ਆਲਾ ਦੁਆਲਾ ਸਾਫ ਹੋਵੇਗਾ ਤਾਂ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇਗੀ। ਅੱਜ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਨਤਕ ਪਖਾਨਿਆਂ ਅਤੇ ਪਿਸ਼ਾਬ ਘਰਾਂ ਦੀ ਅਚਨਚੇਤ ਚੈਕਿੰਗ ਦੌਰਾਨ ਜਿੱਥੇ ਸਫਾਈ ਪ੍ਰਬੰਧ ਸੰਤੁਸ਼ਟੀਜਨਕ ਪਾਏ ਜਾਣ ਉਪਰੰਤ ਸਫਾਈ ਕਰਮਚਾਰੀਆਂ ਦੀ ਕਾਰਗੁਜਾਰੀ ਦੀ ਸ਼ਲਾਘਾ ਕੀਤੀ, ਉੱਥੇ ਕੁਝ ਸਫਾਈ ਕਰਮਚਾਰੀਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕਰਦਿਆਂ ਉਹਨਾਂ ਦੀ ਹੌਂਸਲਾ ਅਫਜਾਈ ਵੀ ਕੀਤੀ। ਉਹਨਾਂ ਸ਼ਹਿਰ ਦੇ ਵੱਖ ਵੱਖ ਜਨਤਕ ਸਥਾਨਾ ’ਤੇ ਬਣੇ ਕੁਝ ਕੁ ਪਖਾਨਿਆਂ ਅਤੇ ਪਿਸ਼ਾਬ ਘਰਾਂ ਦੀ ਸਫਾਈ ਦੇ ਪ੍ਰਬੰਧ ਨਾ ਹੋਣ ’ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਤੇ ਪ੍ਰਧਾਨ ਨੂੰ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ। ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਦੋਨੋਂ ਬੱਸ ਅੱਡਿਆਂ ਸਮੇਤ ਮਿਉਸਪਲ ਪਾਰਕ ਅਤੇ ਪੁਰਾਣੀ ਦਾਣਾ ਮੰਡੀ ਵਿੱਚ ਸਥਿੱਤ ਪਿਸ਼ਾਬ ਘਰਾਂ ਅਤੇ ਪਖਾਨਿਆਂ ਦੇ ਸਫਾਈ ਪ੍ਰਬੰਧ ਯਕੀਨੀ ਅਤੇ ਲਾਜਮੀ ਬਣਾਉਣ ਲਈ ਨਗਰ ਕੌਂਸਲ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਜੇਕਰ ਨੇੜ ਭਵਿੱਖ ਵਿੱਚ ਸਫਾਈ ਪ੍ਰਬੰਧ ਯਕੀਨੀ ਨਾ ਬਣਾਏ ਗਏ ਤਾਂ ਸਬੰਧਤ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਜਿੱਥੇ ਉਹਨਾ ਸਥਾਨਕ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਡਿਊਟੀ ਨਿਸ਼ਚਿਤ ਕੀਤੀ, ਉੱਥੇ ਸ਼ਹਿਰ ਵਾਸੀਆਂ, ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੂੜਾ ਖਿਲਾਰਨ ਤੋਂ ਗੁਰੇਜ ਕਰਨ ਅਤੇ ਸਫਾਈ ਪ੍ਰਬੰਧਾਂ ਲਈ ਬਣਦਾ ਯੋਗਦਾਨ ਪਾਉਣ। ਇਸ ਮੌਕੇ ਉਹਨਾਂ ਨਾਲ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਅਤੇ ਅਮਨਦੀਪ ਸਿੰਘ ਸੰਧੂ ਪੀ.ਏ. ਸਮੇਤ ਹੋਰ ਵੀ ਅਨੇਕਾਂ ਪਤਵੰਤੇ ਹਾਜਰ ਸਨ।