ਜਰਮਨੀ ਦੇ ਤੱਟ ’ਤੇ ਦੋ ਜਹਾਜ਼ ਟਕਰਾਏ, ਕਈ ਲੋਕ ਲਾਪਤਾ
ਬਰਲਿਨ, 24 ਅਕਤੂਬਰ (ਡੇਲੀ ਪੋਸਟ ਪੰਜਾਬੀ)- ਜਰਮਨੀ ਦੇ ਤੱਟ ਤੋਂ ਦੂਰ ਉੱਤਰੀ ਸਾਗਰ ’ਚ ਮੰਗਲਵਾਰ ਨੂੰ ਦੋ ਮਾਲਬਰਦਾਰ ਜਹਾਜ਼ ਆਪਸ ’ਚ ਟਕਰਾ ਗਏ, ਜਿਸ ਤੋਂ ਬਾਅਦ ਕਈ ਲੋਕ ਲਾਪਤਾ ਹੋ ਗਏ। ਜਰਮਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਜਰਮਨੀ ਦੀ ‘ਸੈਂਟਰਲ ਕਮਾਂਡ ਫਾਰ ਮੈਰੀਟਾਈਮ ਐਮਰਜੈਂਸੀ’ ਨੇ ਦਸਿਆ ਕਿ ਹੇਲਗੋਲੈਂਡ ਟਾਪੂ ਤੋਂ ਕਰੀਬ 22 ਕਿਲੋਮੀਟਰ ਦੱਖਣ-ਪੱਛਮ ’ਚ ਮੰਗਲਵਾਰ ਤੜਕੇ ਪੋਲਸੀ ਅਤੇ ਵੇਰੀਟੀ ਨਾਂ ਦੇ ਦੋ ਜਹਾਜ਼ ਆਪਸ ’ਚ ਟਕਰਾ ਗਏ।
ਐਮਰਜੈਂਸੀ ਕਮਾਂਡ ਨੇ ਕਿਹਾ ਕਿ ਬਰਤਾਨਵੀ ਝੰਡੇ ਵਾਲਾ ਜਹਾਜ਼ ਜੋ ਹਾਦਸਾਗ੍ਰਸਤ ਹੋਇਆ ਉਹ ਡੁੱਬ ਗਿਆ। ਸੰਗਠਨ ਮੁਤਾਬਕ ਇਕ ਵਿਅਕਤੀ ਨੂੰ ਸੁਰੱਖਿਅਤ ਢੰਗ ਨਾਲ ਪਾਣੀ ’ਚੋਂ ਬਾਹਰ ਕੱਢ ਲਿਆ ਗਿਆ ਅਤੇ ਉਸ ਨੂੰ ਡਾਕਟਰੀ ਇਲਾਜ ਦਿਤਾ ਗਿਆ ਜਦਕਿ ਬਚਾਅ ਟੀਮਾਂ ਲਾਪਤਾ ਲੋਕਾਂ ਦੀ ਭਾਲ ਜਾਰੀ ਰੱਖ ਰਹੀਆਂ ਹਨ। ਸੰਸਥਾ ਮੁਤਾਬਕ ਇਹ 299 ਫੁੱਟ ਲੰਮਾ ਅਤੇ 46 ਫੁੱਟ ਚੌੜਾ ਜਹਾਜ਼ ਜਰਮਨੀ ਦੇ ਬ੍ਰੇਮਨ ਤੋਂ ਬ੍ਰਿਟੇਨ ਦੇ ਇਮਿੰਘਮ ਬੰਦਰਗਾਹ ਵਲ ਜਾ ਰਿਹਾ ਸੀ।
ਜਦਕਿ, ਦੂਜਾ ਵੱਡਾ ਜਹਾਜ਼ ਪੋਲਸੀ, ਜਿਸ ’ਤੇ ਬਹਾਮਾਸ ਦਾ ਝੰਡਾ ਸੀ, ਪਾਣੀ ’ਤੇ ਤੈਰਦਾ ਰਿਹਾ ਅਤੇ ਉਸ ’ਤੇ 22 ਲੋਕ ਸਵਾਰ ਸਨ। ਜਹਾਜ਼ ਹੈਮਬਰਗ ਤੋਂ ਕੋਰੂਆ, ਸਪੇਨ ਜਾ ਰਿਹਾ ਸੀ।