ਜਲਦ ਮਿਲਣਗੀਆਂ ਮੁਫ਼ਤ ਵਰਦੀਆਂ, ਪੰਜਾਬ ਸਰਕਾਰ ਜਾਰੀ ਕਰੇਗੀ 600 ਰੁਪਏ ਪ੍ਰਤੀ ਵਿਦਿਆਰਥੀ
ਮੋਹਾਲੀ, 4 ਮਈ (ਪੰਜਾਬੀ ਜਾਗਰਣ)- ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਵੇਰਵਿਆਂ ਅਨੁਸਾਰ ਪ੍ਰਤੀ ਵਿਦਿਆਰਥੀ ਵਰਦੀਆਂ ਵਾਸਤੇ 600 ਰੁਪਏ ਮੁਹੱਈਆ ਕਰਵਾਏ ਜਾਣੇ ਹਨ। ਇਸ ਵਾਸਤੇ ਪੰਜਾਬ ਦੇ 23 ਜ਼ਿਲ੍ਹਿਆਂ ‘ਚ ਪੜ੍ਹਦੇ ਵਿਦਿਆਰਥੀਆਂ ਦੇ ਅੰਕੜੇ ਜਾਰੀ ਕਰ ਦਿੱਤੇ ਗਏ ਹਨ। ਅਕਾਦਮਿਕ ਸਾਲ 2023-24 ਲਈ ਐੱਸਸੀ/ਐੱਸਟੀ ਅਤੇ ਬੀਪੀਐੱਲ ਮੁੰਡੇ ਤੇ ਕੁੜੀਆਂ ਲਈ ਵਰਦੀਆਂ ਮੁਹੱਈਆ ਕਰਵਾਈਆਂ ਜਾਣੀਆਂ ਹਨ।
ਆਪਣੇ 12 ਨੁਕਾਤੀ ਪੱਤਰ ਵਿਚ ਡਿਪਟੀ ਸਟੇਟ ਡਾਇਰੈਕਟਰ ਸਮੱਗਰ ਸਿੱਖਿਆ ਅਭਿਆਨ ਨੇ ਕਿਹਾ ਹੈ ਕਿ ਲੜਕਿਆਂ ਵਾਸਤੇ ਪੈਂਟ-ਕਮੀਜ਼, ਸਿੱਖ ਲੜਕਿਆਂ ਲਈ ਪਟਕਾ ਤੇ ਬਾਕੀ ਬੱਚਿਆਂ ਲਈ ਗਰਮ ਟੋਪੀ, ਗਰਮ ਸਵੈਟਰ, ਬੂਟ-ਜੁਰਾਬਾਂ ਦਿੱਤੇ ਜਾਣਗੇ। ਇਸੇ ਤਰ੍ਹਾਂ ਕੁੜੀਆਂ ਲਈ ਪ੍ਰਾਇਮਰੀ ਜਮਾਤਾਂ ਵਾਸਤੇ ਪੈਂਟ-ਕਮੀਜ਼ ਜਾਂ ਸਲਵਾਰ ਸੂਟ ਦੁਪੱਟਾ ਅਤੇ ਅਪਰ ਪ੍ਰਾਇਮਰੀ ਜਮਾਤਾਂ ਲਈ ਸਲਵਾਰ-ਸੂਟ-ਦੁਪੱਟਾ, ਗਰਮ ਸਵੈਟਰ ਤੇ ਬੂਟ-ਜੁਰਾਬਾਂ ਪ੍ਰਤੀ ਵਿਦਿਆਰਥਣ ਮੁਹੱਈਆ ਕਰਵਾਏ ਜਾਣਗੇ। ਇਹ ਵੀ ਕਿਹਾ ਗਿਆ ਹੈ ਕਿ ਵਰਦੀਆਂ ਦੀ ਖਰੀਦ ਸਬੰਧੀ ਬਿਊਰੋ ਆਫ ਇੰਡੀਅਨ ਸਟੈਂਡਰਡ ਦੇ ਮਾਪਦੰਡਾਂ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ।