ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਮਾਡਰਨ ਸੈਂਟਰਲ ਜੇਲ੍ਹ ਫ਼ਰੀਦਕੋਟ ਵਿਖੇ ਕੈਂਪ ਕੋਰਟ ਲਗਾਇਆ ਗਿਆ
ਫਰੀਦਕੋਟ 1 ਨਵੰਬਰ (ਪੰਜਾਬ ਡਾਇਰੀ)- ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਨਵਜੋਤ ਕੌਰ ਮਾਨਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸਹਿਤ ਚੇਅਰਪਰਸਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਦੀ ਰਹਿਨੁਮਾਈ ਹੇਠ ਸ਼੍ਰੀ ਅਜੀਤ ਪਾਲ ਸਿੰਘ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਮਾਡਰਨ ਸੈਂਟਰਲ ਜੇਲ੍ਹ ਫਰੀਦਕੋਟ ਵਿਖੇ ਪਿਛਲੇ ਦਿਨੀਂ ਕੈਂਪ ਕੋਰਟ ਲਗਾਇਆ ਗਿਆ । ਇਸ ਮੌਕੇ ਜੇਲ੍ਹ ਸੁਪਰਡੰਟ ਸ਼੍ਰੀ ਰਾਜੀਵ ਅਰੋੜਾ ਵੀ ਮੌਕੇ ਤੇ ਮੌਜੂਦ ਸਨ । ਇਸ ਕੈਂਪ ਕੋਰਟ ਦੌਰਾਨ ਜ਼ਿਲ੍ਹਾ ਫਰੀਦਕੋਟ ਦੀਆਂ ਵੱਖ ਵੱਖ ਜੁਡੀਸ਼ੀਅਲ ਮੈਜਿਸਟ੍ਰੇਟ ਅਦਾਲਤਾਂ ਦੇ ਕੇਸ ਰੱਖੇ ਗਏ ਸਨ । ਜਿਨ੍ਹਾਂ ਵਿੱਚੋਂ ਕੁੱਲ 12 ਹਵਾਲਾਤੀਆਂ ਕੇ ਕੇਸ ਮੌਕੇ ਤੇ ਹੀ ਕੈਂਪ ਕੋਰਟ ਲਗਾ ਕੇ ਖਤਮ ਕੀਤੇ ਗਏ ।
ਇਨ੍ਹਾਂ ਨੇ ਜੱਜ ਸਾਹਿਬ ਦੇ ਸਾਹਮਣੇ ਆਪਣੇ ਜੁਰਮ ਦਾ ਇਕਬਾਲ ਕੀਤਾ ਅਤੇ ਜੱਜ ਸਾਹਿਬ ਨੇ ਆਪਣੇ ਕੈਂਪ ਕੋਰਟ ਦੌਰਾਨ ਇਨ੍ਹਾਂ ਹਵਾਲਾਤੀਆਂ ਦੇ ਕੇਸ ਖਤਮ ਕਰਕੇ ਇਨ੍ਹਾਂ ਹਵਾਲਾਤੀਆਂ ਵਿੱਚੋਂ 5 ਵਿਅਕਤੀਆਂ ਨੂੰ ਮੌਕੇ ਤੇ ਰਿਹਾਅ ਕੀਤਾ ਗਿਆ ਅਤੇ ਬਾਕੀ ਦੇ ਹਵਾਲਾਤੀਆਂ ਦੇ ਕੇਸ ਖਤਮ ਕਰ ਦਿੱਤੇ ਗਏ ਪਰ ਉਹ ਕਿਸੇ ਹੋਰ ਕੇਸ ਵਿੱਚ ਲੋੜੀਂਦੇ ਹੋਣ ਕਾਰਨ ਜੇਲ੍ਹ ਵਿੱਚ ਬੰਦੀ ਹਨ । ਇਸ ਤੋਂ ਇਲਾਵਾ ਜੱਜ ਸਾਹਿਬ ਨੇ ਇਨ੍ਹਾਂ ਬੰਦੀਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਕੇ ਉਨ੍ਹਾਂ ਤੋਂ ਪ੍ਰਣ ਲਿਆ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਨਗੇ ਅਤੇ ਨਸ਼ਿਆਂ ਅਤੇ ਜੁਰਮ ਤੋਂ ਰਹਿਤ ਆਪਣਾ ਜੀਵਨ ਬਤੀਤ ਕਰਨਗੇ ।
ਅਖੀਰ ਵਿੱਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ਼੍ਰੀ ਅਜੀਤ ਪਾਲ ਸਿੰਘ ਨੇ ਦੱਸਿਆ ਕਿ ਜੇਕਰ ਇਸ ਜੇਲ੍ਹ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਕਾਨੂੰਨੀ ਜਾਂ ਕਿਸੇ ਹੋਰ ਵਿਭਾਗ ਨਾਲ ਮੁਸ਼ਕਿਲ ਪੇਸ਼ ਆ ਰਹੀ ਹੈ ਤਾਂ ਉਹ ਵਿਅਕਤੀ ਇਸ ਜੇਲ੍ਹ ਵਿੱਚ ਬਣੇ ਕਾਨੂੰਨੀ ਸਹਾਇਤਾ ਕਲੀਨਿਕ ਤੇ ਪੈਰਾ ਲੀਗਲ ਵਲੰਟੀਅਰ ਅਤੇ ਇਸ ਦਫ਼ਤਰ ਰਾਹੀਂ ਲੀਗਲ ਏਡ ਡਿਫੈਂਸ ਕਾਊਂਸਲ ਐਡਵੋਕੇਟਾਂ ਦੀ ਜੇਲ੍ਹ ਵਿਸਿਟ ਰਾਹੀਂ ਆਪਣੀ ਦਰਖਾਸਤ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਨੂੰ ਦੇ ਸਕਦਾ ਹੈ ਅਤੇ ਇਸ ਦਫ਼ਤਰ ਵੱਲੋਂ ਤੁਰੰਤ ਪ੍ਰਭਾਵ ਤੋਂ ਉਸ ਸਮੱਸਿਆ ਦਾ ਨਿਪਟਾਰਾ ਕੀਤਾ ਜਾਵੇਗਾ ।