ਜ਼ਿੰਦਗੀ ਜਿਉਣ ਲਈ ਸਹਿਜ

ਗੱਲ ਉਹਨਾਂ ਸਮਿਆਂ ਦੀ ਹੈ ਜਦ ਮੇਰਾ ਵਿਆਹ ਨਹੀਂ ਹੋਇਆ ਸੀ ਤੇ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਸੁਖਾਨੰਦ ਬੀ .ਐਡ ਕਾਲਜ ਵਿੱਚ ਪੜਾਉਣ ਲੱਗ ਗਈ ਸੀ। ਇਸ ਤੋਂ ਪਹਿਲਾਂ ਵੀ ਮੈਂ ਸਕੂਲ ਵਿੱਚ ਨੌਕਰੀ ਕੀਤੀ ਸੀ। ਪਰ ਜਦ ਮੈਂ ਐਮ.ਏ (ਸਿੱਖਿਆ )ਪੂਰੀ ਕੀਤੀ ਤਾਂ ਸੁਖਾਨੰਦ ਬੀ.ਐਡ ਕਾਲਜ ਵਿੱਚ ਨੌਕਰੀ ਲੱਗ ਗਈ ਇਥੇ ਚਾਹੇ ਮੈਂ ਥੋੜੀ ਦੇਰ ਹੀ ਕੰਮ ਕੀਤਾ ਪਰ ਮੈਂ ਬਹੁਤ ਕੁਝ ਸਿੱਖਿਆ ਤੇ ਜਾਣਿਆ। ਮੈਨੂੰ ਸਮਝਣ ਵਾਲੇ ਮੇਰੇ ਸਟਾਫ ਮੈਂਬਰ ਤੇ ਸਾਡੇ ਪ੍ਰਿੰਸੀਪਲ ਸਰ ਡਾਕਟਰ ਦਰਸ਼ਨ ਸਿੰਘ ਪੰਨੂ ਸਨ ਜਿਨਾਂ ਨੂੰ ਮੇਰੇ ਸੁਭਾਅ ਅਤੇ ਮੇਰੇ ਤੇ ਬਹੁਤ ਭਰੋਸਾ ਸੀ। ਉਹ ਅਕਸਰ ਕਹਿੰਦੇ ਹੁੰਦੇ ਸੀ ਕਿ ਤੇਰੇ ਅੰਦਰ ਕੋਈ ਵੱਲ ਫੇਰ ਨਹੀਂ ਹੈ, ਤੂੰ ਬਹੁਤ ਸਾਦੀ ਹੈ ਤੇ ਸਾਫ਼ ਦਿਲ ਹੈ। ਨਹੀਂ ਤਾਂ ਅੱਜਕੱਲ ਦੀਆਂ ਕੁੜੀਆਂ ਬਹੁਤ ਚੁਸਤ ਹਨ ।
ਇੱਕ ਦਿਨ ਦੀ ਗੱਲ ਹੈ ਕਿ ਇੱਕ ਅਧਿਆਪਕਾ ਦੀ ਕਿਸੇ ਗਲਤੀ ਕਰਕੇ ਕੁੜੀਆਂ ਦੇ ਮਾਪੇ ਪਰੇਸ਼ਾਨ ਹੋ ਗਏ ਤੇ ਉਹਨਾਂ ਨੇ ਕਾਲਜ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ,ਸਰ ਨੇ ਸਾਰੇ ਅਧਿਆਪਕਾਂ ਨੂੰ ਵਾਰੀ ਵਾਰੀ ਦਫਤਰ ਵਿੱਚ ਬੁਲਾਇਆ ਤੇ ਗੱਲ ਜਾਣਨ ਦੀ ਕੋਸ਼ਿਸ਼ ਕੀਤੀ। ਮੇਰੀ ਵੀ ਵਾਰੀ ਆਈ, ਜਦ ਮੈਂ ਅੰਦਰ ਗਈ ਤਾਂ ਸੁਰ ਨੇ ਪੁੱਛਿਆ ਬੀਬਾ, ਤੈਨੂੰ ਪਤਾ ਹੈ ਕਿ ਜੋ ਵੀ ਮਾਪਿਆਂ ਦੀ ਆਪਣੇ ਬੱਚਿਆਂ ਲਈ ਸ਼ਿਕਾਇਤ ਹੈ ,ਇਸ ਪਿੱਛੇ ਕੌਣ ਹੈ ? ਮੈਂ ਕਿਹਾ,” ਸਰ ,ਨਹੀਂ ਜੀ, ਅੱਗੋਂ ਸਰ ਨੇ ਜਵਾਬ ਦਿੱਤਾ ਮੈਨੂੰ ਸ਼ੱਕ ਤਾਂ ਹੈ ਕਿ ਕੌਣ ਹੋ ਸਕਦਾ, ਪਰ ਇੰਨਾ ਭਰੋਸਾ ਹੈ ਕਿ ਤੂੰ ਤਾਂ ਬਿਲਕੁਲ ਨਹੀਂ ਹੋ ਸਕਦੀ। ਬੇਸ਼ੱਕ ਤੂੰ ਇੱਥੇ ਜਿਆਦਾ ਦੇਰ ਤੋਂ ਕੰਮ ਨਹੀਂ ਕਰ ਰਹੀ ਪਰ ਤੈਨੂੰ ਜਿੰਨਾ ਕੁ ਮੈਂ ਜਾਨਿਆ ਹੈ । ਮੈਂ ਇਹ ਕਹਿ ਸਕਦਾ ਹਾਂ ਕਿ ਤੂੰ ਇਸ ਕੰਮ ਵਿੱਚ ਨਹੀਂ ਹੋ ਸਕਦੀ। ਮੈਨੂੰ ਇੰਨਾ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਸਰ ਨੂੰ ਮੇਰੇ ਤੇ ਕਿੰਨਾ ਭਰੋਸਾ ਹੈ।
ਇਹ ਵੀ ਪੜ੍ਹੋ- ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਸਾਡੇ ਪੰਨੂ ਸਰ ਬਹੁਤ ਵਧੀਆ ਸੁਭਾਅ ਦੇ ਮਾਲਕ ਸਨ ਤੇ ਮੈਨੂੰ ਲੱਗਦਾ ਕਿ ਜੇ ਪ੍ਰਿੰਸੀਪਲ ਹੋਵੇ ਤਾਂ ਇਦਾਂ ਦਾ ਜਿਸ ਨੂੰ ਇਹ ਪਤਾ ਹੋਵੇ ਕਿ ਕਿਹੜਾ ਅਧਿਆਪਕ ਕਿਸ ਤਰ੍ਹਾਂ ਦਾ ਹੈ। ਸਾਡੇ ਸਰ ਇੰਨੇ ਇਮਾਨਦਾਰ ਤੇ ਸਹਿਜ ਸੁਭਾ ਦੇ ਮਾਲਕ ਸਨ ਕਿ ਇੱਕ ਵਾਰ ਅਸੀਂ ਸਾਰੇ ਸਰ ਕੋਲ ਬਾਹਰ ਧੁੱਪ ਵਿੱਚ ਬੈਠੇ ਸਾਂ ਪਰ ਕੋਈ ਵੀ ਬੋਲ ਨਹੀਂ ਸੀ ਰਿਹਾ ਤਾਂ ਸਰ ਨੇ ਆਪ ਹੀ ਗੱਲ ਸ਼ੁਰੂ ਕੀਤੀ ਕਿ ਤੁਸੀਂ ਸਭ ਮੇਰੇ ਵੱਲ ਇਸ ਤਰ੍ਹਾਂ ਦੇ ਕਿਉਂ ਦੇਖ ਰਹੇ ਹੋ ਤੁਹਾਨੂੰ ਲੱਗਦਾ ਹੋਊਗਾ ਕਿ ਇਹ ਮੈਂ ਕਿੰਨਾ ਵਧੀਆ ਹਾਂ ਕਿ ਮੈਂ ਪ੍ਰਿੰਸੀਪਲ ਹਾਂ ਤੇ ਆਰਾਮ ਨਾਲ ਬੈਠਦਾ ਹਾਂ। ਪਰ ਮੈਂ ਵੀ ਪਹਿਲਾਂ ਅਧਿਆਪਕ ਸੀ ਤੇ ਮੈਂ ਤੁਹਾਡੇ ਤੋਂ ਹੀ ਪ੍ਰਿੰਸੀਪਲ ਬਣਿਆ ਹਾਂ ਮੈਂ ਕੋਈ ਵੱਖ ਨਹੀਂ ਹਾਂ। ਬਸ ਸਿਰਫ ਅੱਗੇ ਵਧਣ ਲਈ ਮਿਹਨਤ ਦੀ ਲੋੜ ਹੁੰਦੀ ਹੈ । ਇਸ ਲਈ ਹਮੇਸ਼ਾ ਮਿਹਨਤ ਕਰੋ ਤੇ ਕਦੇ ਕਿਸੇ ਦਾ ਦਿਲ ਨਾ ਦੁਖਾਓ । ਕਿਉਂਕਿ ਜੇ ਤੁਸੀਂ ਕਿਸੇ ਨਾਲ ਗਲਤ ਕਰਦੇ ਹੋ ਤਾਂ ਉਹ ਤੁਹਾਨੂੰ ਵੀ ਕਿਸੇ ਤਰੀਕੇ ਭੁਗਤਣਾ ਪੈ ਸਕਦਾ ਹੈ । ਸਾਡੇ ਸਰ ਵਿੱਚ ਇੰਨੀ ਨਿਰਮਾਣਤਾ ਸੀ ਕਿ ਅੱਜ ਕੱਲ ਤਾਂ ਸ਼ਾਇਦ ਹੀ ਕਿਸੇ ਕੋਲ ਹੋਵੇ ਉਹਨਾਂ ਨੂੰ ਦੇਖ ਕੇ ਉਹਨਾਂ ਨਾਲ ਗੱਲ ਕਰਕੇ ਮਨ ਨੂੰ ਇੱਕ ਸਕੂਨ ਮਿਲਦਾ ਸੀ।
ਚਾਹੇ ਅੱਜ ਉਹ ਇਸ ਦੁਨੀਆਂ ਵਿੱਚ ਨਹੀਂ ਹਨ ਪਰ ਮੈਨੂੰ ਅੱਜ ਵੀ ਉਹਨਾਂ ਦੀਆਂ ਗੱਲਾਂ ਬਹੁਤ ਯਾਦ ਆਉਂਦੀਆਂ ਹਨ। ਇਹਨਾਂ ਗੱਲਾਂ ਨੂੰ ਲਗਭਗ 13-14 ਸਾਲ ਹੋ ਗਏ ਹਨ। ਮੈਂ ਇਹ ਗੱਲਾਂ ਇਸ ਲਈ ਸਾਂਝੀਆਂ ਕਰ ਰਹੀ ਆਂ ਕਿ ਵਰਤਮਾਨ ਸਮੇਂ ਸਾਡੇ ਸਮਾਜ ਵਿੱਚ ਲੋਕਾਂ ਵਿੱਚ ਇੱਕ ਦੂਜੇ ਪ੍ਰਤੀ ਬਹੁਤ ਨਫਰਤ ਭਰੀ ਹੋਈ ਹੈ। ਅਸੀਂ ਇੱਕ ਦੂਜੇ ਨਾਲ ਚਲਾਕੀਆਂ ਕਰਦੇ ਆਂ ।ਸਾਡੇ ਅੰਦਰ ਘਮੰਡ ਆ ਗਿਆ ਹੈ । ਹਰ ਕੰਮ ਵਿੱਚ ਸਾਨੂੰ ਸਿਰਫ ਆਪਣਾ ਹੀ ਸਵਾਰਥ ਦਿੱਸਦਾ ਹੈ ਕਦੇ ਕਦੇ ਲੱਗਦਾ ਹੈ ਕਿ ਸਾਫ ਦਿਲ ਇਨਸਾਨਾਂ ਲਈ ਤਾਂ ਦੁਨੀਆਂ ਬਣੀ ਹੀ ਨਹੀਂ ਪਰ ਜੇ ਸੋਚਿਆ ਜਾਏ ਤਾਂ ਸਦਾ ਤਾਂ ਇੱਥੇ ਕਿਸੇ ਨੇ ਨਹੀਂ ਰਹਿਣਾ, ਅਸੀਂ ਕੁਝ ਵੀ ਨਾਲ ਨਹੀਂ ਲੈ ਕੇ ਜਾਣਾ ,ਸਭ ਕੁਝ ਇੱਥੇ ਹੀ ਰਹਿ ਜਾਣਾ ਹੈ ਫਿਰ ਲੋਕ ਇਸ ਤਰ੍ਹਾਂ ਦੇ ਵੱਲ ਫੇਰ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਨੇ। ਬੁੱਲੇ ਸ਼ਾਹ ਨੇ ਠੀਕ ਹੀ ਕਿਹਾ ਹੈ ” ਇੱਥੇ ਸਭ ਮੁਸਾਫਰ ਕਿਸੇ ਨਾ ਇੱਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ।” ਲੋਕ ਸਿਰਫ ਆਪਣਾ ਹੀ ਸਵਾਰਥ ਸਿੱਧ ਕਰਦੇ ਹਨ ।
ਅਸੀਂ ਚਾਹੇ ਜਿੱਥੇ ਵੀ ਕੰਮ ਕਰਦੇ ਹੋਈਏ ਚਾਹੇ ਅਸੀਂ ਕਿਤੇ ਨੌਕਰੀ ਕਰਦੇ ਹੋਈਏ ਜਾਂ ਫਿਰ ਘਰ ਵਿੱਚ ਆਪਣੇ ਹੀ ਪਰਿਵਾਰਕ ਮੈਂਬਰ ਹੋਣ ਸਾਨੂੰ ਇਸ ਤਰ੍ਹਾਂ ਦੇ ਲੋਕ ਮਿਲ ਹੀ ਜਾਂਦੇ ਨੇ ਜੋ ਆਪਣੇ ਆਪ ਨੂੰ ਉੱਪਰ ਤੇ ਦੂਜੇ ਨੂੰ ਨੀਵਾਂ ਸਮਝਦੇ ਨੇ । ਸਾਨੂੰ ਘੱਟ ਤੋਂ ਘੱਟ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੀਦਾ ਹਰ ਇੱਕ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਕਈ ਵਾਰ ਪਰਿਵਾਰਿਕ ਮੈਂਬਰਾਂ ਵਿੱਚ ਜਾਂ ਕਿਤੇ ਸਟਾਫ ਮੈਂਬਰਾਂ ਵਿੱਚ ਕੁਝ ਗਲਤ ਫਹਿਮੀਆਂ ਹੋ ਜਾਂਦੀਆਂ ਨੇ ਤੇ ਉਹਨਾਂ ਨੂੰ ਆਪਸ ਚ ਗੱਲਬਾਤ ਕਰਕੇ ਮਸਲਾ ਹੱਲ ਕਰ ਲੈਣਾ ਚਾਹੀਦਾ ਨਾ ਕਿ ਇਧਰ ਉਧਰ ਇੱਕ ਦੂਜੇ ਦੀਆਂ ਗੱਲਾਂ ਫੈਲਾ ਕੇ, ਅੱਜ ਕੱਲ ਬਹੁਤ ਲੋਕਾਂ ਦੀ ਇਹ ਫਿਤਰਤ ਬਣ ਚੁੱਕੀ ਹੈ ਕਿ ਅਸੀਂ ਸਿਰਫ ਆਪਣੇ ਬਾਰੇ ਹੀ ਸੋਚਦੇ ਹਾਂ ਕਿ ਅਸੀਂ ਅੱਗੇ ਹੋਈਏ ਬਾਕੀ ਜਾਣ ਭਾੜ ਵਿੱਚ, ਆਪਣਾ ਸਵਾਰਥ ਅੱਗੇ ਰੱਖਦੇ ਆ ਜਦਕਿ ਦੂਜੇ ਲੋਕ ਵੀ ਸਾਡੀ ਤਰਾਂ ਇਨਸਾਨ ਹਨ ਸਭ ਦੀਆਂ ਆਪਣੀਆਂ ਭਾਵਨਾਵਾਂ ਤੇ ਸਮੱਸਿਆਵਾਂ ਹੁੰਦੀਆਂ ਨੇ ਘੱਟ ਤੋਂ ਘੱਟ ਅਸੀਂ ਉਸ ਇਨਸਾਨ ਦਾ ਸਾਥ ਤਾਂ ਦੇ ਸਕਦੇ ਹਾਂ ਜਿਸ ਨੇ ਸਾਡਾ ਵੀ ਕਦੇ ਸਾਥ ਦਿੱਤਾ ਹੋਵੇ ਜਾਂ ਜਿਹੜਾ ਸਾਫ ਦਿਲ ਹੋਵੇ ।
ਪਰ ਅਸੀਂ ਅਜਿਹਾ ਕੁਝ ਨਹੀਂ ਕਰਦੇ ਇੰਨਾ ਸਵਾਰਥ ਤੇ ਘਮੰਡ ਸਾਡੇ ਅੱਗੇ ਆ ਗਿਆ ਹੈ ਕਿ ਅਸੀਂ ਆਪਣਿਆਂ ਨੂੰ ਵੀ ਦੁੱਖ ਪਹੁੰਚਾਉਂਦੇ ਆਂ। ਕੁਝ ਲੋਕਾਂ ਦੀ ਤਾਂ ਆਦਤ ਬਣ ਚੁੱਕੀ ਹੁੰਦੀ ਹੈ ਕਿ ਉਹ ਦੂਸਰਿਆਂ ਨੂੰ ਪਰੇਸ਼ਾਨ ਕਰਨ ਵਿੱਚ ਕਦੇ ਵੀ ਪਿੱਛੇ ਨਹੀਂ ਹਟਦੇ ਚਾਹੇ ਉਹਨਾਂ ਦੇ ਸਾਹਮਣੇ ਖੜਾ ਵਿਅਕਤੀ ਚੁੱਪ ਚਾਪ ਹੀ ਹੋਵੇ ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਜੋ ਮਰਜ਼ੀ ਉਸਨੂੰ ਬੋਲ ਸਕਦੇ ਹੋ ਜਾਂ ਉਸਦਾ ਕੰਮ ਵਿਗਾੜ ਸਕਦੇ ਹੋ ਜੇ ਉਹ ਚੁੱਪ ਖੜਾ ਹੈ ਤੁਹਾਨੂੰ ਕੁਝ ਨਹੀਂ ਬੋਲ ਰਿਹਾ ਤਾਂ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕੁਦਰਤ ਉਸਦੇ ਨਾਲ ਹੈ ।ਹਮੇਸ਼ਾ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਕੁਦਰਤ ਦਾ ਇੱਕ ਨਿਯਮ ਹੈ ਜੋ ਅਸੀਂ ਦੂਜਿਆਂ ਨਾਲ ਕਰਦੇ ਆਂ ਉਹ ਸਾਨੂੰ ਵਾਪਸ ਕਦੇ ਨਾ ਕਦੇ ਜਰੂਰ ਮਿਲਦਾ ਹੈ। ਇਸ ਲਈ ਵਰਤਮਾਨ ਸਮੇਂ ਜ਼ਿੰਦਗੀ ਜਿਉਣ ਲਈ ਸਾਨੂੰ ਨਿਮਰ ,ਸਹਿਜ ਤੇ ਸੱਭਿਅਕ ਹੋਣ ਦੀ ਲੋੜ ਹੈ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਓ ਸਕੀਏ। ਨਰਿੰਦਰ ਕਪੂਰ ਦਾ ਕਥਨ ਹੈ” ਜੋ ਸਭਿਅਕ ਹੋਵੇਗਾ, ਉਹ ਨਿਮਰ ਵੀ ਹੋਵੇਗਾ।” ਸੋ ਆਓ ਅਸੀਂ ਕੁਦਰਤ ਦੇ ਇਸ ਨਿਯਮ ਨੂੰ ਸਮਝੀਏ ਤੇ ਇੱਕ ਦੂਜੇ ਦਾ ਸਾਥ ਦਈਏ, ਮਿਲ ਕੇ ਕੰਮ ਕਰੀਏ, ਸਹਿਜ ਹੋ ਕੇ ਵਿਚਰੀਏ ਤੇ ਅੱਗੇ ਵਧੀਏ ਨਾ ਕਿ ਛੋਟੀਆਂ ਛੋਟੀਆਂ ਗੱਲਾਂ ਦੇ ਝਗੜੇ ਕਰੀਏ ਤੇ ਆਪਸੀ ਰਿਸ਼ਤੇ ਤੋੜੀਏ।
– ਇੰਦਰਪ੍ਰੀਤ ਕੌਰ ਲੁਧਿਆਣਾ
9888690280
-(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


