ਜਿਲ੍ਹੇ ਦੀ ਤਰੱਕੀ ਤੇ ਵਿਕਾਸ, ਵਾਤਾਵਰਨ ਸੁਧਾਰ, ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਪੱਤਰਕਾਰਾਂ ਨੂੰ ਸਹਿਯੋਗ ਦੀ ਅਪੀਲ
ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ ਵੱਲੋਂ ਪੱਤਰਕਾਰਾਂ ਨਾਲ ਵਿਸ਼ੇਸ਼ ਮੀਟਿੰਗ
ਜਿਲੇ ਦੀ ਵਿਰਾਸਤੀ ਦਿੱਖ ਕਾਇਮ ਰੱਖਣ, ਸੈਰ ਸਪਾਟੇ ਨੂੰ ਵਧਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾਣਗੇ-ਡਾ. ਰੂਹੀ ਦੁੱਗ
ਫਰੀਦਕੋਟ, 13 ਮਈ – ਇਤਿਹਾਸਕ ਜਿਲੇ ਫਰੀਦਕੋਟ ਦੀ ਵਿਰਾਸਤੀ, ਇਤਿਹਾਸਕ ਦਿੱਖ ਕਾਇਮ ਰੱਖਣ ਲਈ ਜਿਲਾ ਪ੍ਰਸ਼ਾਸ਼ਨ ਵੱਲੋਂ ਸਮੂਹ ਲੋਕਾਂ ਦੇ ਸਹਿਯੋਗ ਨਾਲ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ, ਤਾਂ ਜੋ ਫਰੀਦਕੋਟ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਿਤ ਕੀਤਾ ਜਾ ਸਕੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ ਨੇ ਮੀਡੀਆ ਦੇ ਨੁਮਾਇੰਦਿਆ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ ਨੇ ਕਿਹਾ ਕਿ ਫਰੀਦਕੋਟ ਨੂੰ ਪ੍ਰਸਿੱਧ ਸੂਫੀ ਸੰਤ ਬਾਬਾ ਫਰੀਦ ਜੀ ਦੀ ਚਰਨ ਛੋਹ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ ਤੇ ਇਸ ਤੋਂ ਇਲਾਵਾ ਰਿਆਸਤੀ ਸ਼ਹਿਰ ਹੋਣ ਕਾਰਣ ਇੱਥੇ ਟੂਰਿਜਮ ਦੀਆਂ ਵਿਆਪਕ ਸੰਭਾਵਾਨਵਾਂ ਹਨ।
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਤੋਂ ਜਿਲੇ ਦੇ ਵਿਕਾਸ, ਸਮਾਜਿਕ ਬੁਰਾਈਆਂ ਦੇ ਖਾਤਮੇ, ਨਸ਼ਿਆਂ ਦੇ ਖਾਤਮੇ, ਜਿਲੇ ਦੇ ਵਿਕਾਸ, ਸਮੱਸਿਆਵਾਂ ਸਮੇਤ ਵੱਖ ਵੱਖ ਤਰ੍ਹਾਂ ਦੇ ਸੁਝਾਅ ਮੰਗੇ। ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰਾ ਉਪਰੋਕਤ ਵਿਸ਼ਿਆ ਤੇ ਜਿਲਾ ਪ੍ਰਸ਼ਾਸ਼ਨ ਨੂੰ ਆਪਣੇ ਵੱਡਮੁੱਲੇ ਸੁਝਾਅ ਦੇਵੇ ਤਾਂ ਜੋ ਪਾਰਦਰਸ਼ੀ ਪ੍ਰਸ਼ਾਸ਼ਨ ਦੇ ਨਾਲ ਨਾਲ ਅਣਗੋਲੇ ਇਲਾਕਿਆਂ ਜਾਂ ਲੋਕਾਂ ਨੂੰ ਹੋਰ ਸੁਵਿਧਾਵਾਂ ਮੁਹੱਈਆਂ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਦੇ ਖਾਤਮੇ, ਨਸ਼ਾ ਕਰ ਰਹੇ ਲੋਕਾਂ ਦੇ ਇਲਾਜ ਅਤੇ ਉਨ੍ਹਾਂ ਦੇ ਪੁਨਰਵਾਸ ਲਈ ਪੂਰੀ ਤਰ੍ਹਾਂ ਗੰਭੀਰ ਹੈ ਤਾਂ ਜੋ ਅਜਿਹੇ ਲੋਕਾਂ ਨੂੰ ਮੁੱਖ ਧਾਰਾ ਵਿੱਚ ਲਿਆ ਕੇ ਉਨ੍ਹਾਂ ਨੂੰ ਰੁਜਗਾਰ ਦੇ ਕਾਬਲ ਬਣਾਇਆ ਜਾ ਸਕੇ। ਇਸ ਮੌਕੇ ਪੱਤਰਕਾਰਾਂ ਨੇ ਡਿਪਟੀ ਕਮਿਸ਼ਨਰ ਸਾਹਮਣੇ ਸੀਵਰੇਜ ਸਮੱਸਿਆ, ਨਜਾਇਜ ਕਬਜਿਆਂ, ਸੀਵਰੇਜ ਟਰੀਟਮੈਂਟ ਪਲਾਂਟ, ਨਸ਼ਿਆਂ ਸਮੇਤ ਕਈ ਮੁੱਦਿਆਂ ਤੇ ਆਪਣੇ ਸੁਝਾਅ ਵੀ ਦਿੱਤੇ।
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਮੀਡੀਆਂ ਅਤੇ ਪ੍ਰਸ਼ਾਸ਼ਨ ਦੇ ਆਪਸੀ ਸਹਿਯੋਗ ਨਾਲ ਲੋਕਾਂ ਦੀਆਂ ਵੱਡੀ ਪੱਧਰ ਤੇ ਸਮੱਸਿਆਵਾਂ ਦਾ ਹੱਲ ਹੁੰਦਾ ਹੈ ਤੇ ਉਨ੍ਹਾਂ ਨੇ ਮੀਡੀਆਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਵਾਂਗ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਤਾਂ ਜੋ ਜਿਲੇ ਦੀ ਤਰੱਕੀ, ਵਿਕਾਸ ਅਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਕੰਮ ਹੋਰ ਤੇਜ ਕੀਤਾ ਜਾ ਸਕੇ।
ਇਸ ਮੌਕੇ ਜਿਲਾ ਲੋਕ ਸੰਪਰਕ ਅਧਿਕਾਰੀ ਸ. ਅਮਰੀਕ ਸਿੰਘ ਨੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆਂ ਆਸ ਕੀਤੀ ਕਿ ਪੱਤਰਕਾਰ ਭਾਈਚਾਰਾ ਪਹਿਲਾਂ ਵਾਂਗ ਜਿਲ੍ਹਾ ਪ੍ਰਸ਼ਾਸ਼ਨ ਨੂੰ ਉਸਾਰੂ ਸਹਿਯੋਗ ਦਿੰਦੇ ਰਹਿਣਗੇ।
ਜਿਲ੍ਹੇ ਦੀ ਤਰੱਕੀ ਤੇ ਵਿਕਾਸ, ਵਾਤਾਵਰਨ ਸੁਧਾਰ, ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਪੱਤਰਕਾਰਾਂ ਨੂੰ ਸਹਿਯੋਗ ਦੀ ਅਪੀਲ
previous post