ਜੇਕਰ ਸੁਖਬੀਰ ਬਾਦਲ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਹਨ, ਤਾਂ ਮੈਂ ਵੀ ਅਸਤੀਫਾ ਦੇਣ ਲਈ ਤਿਆਰ ਹਾਂ: ਗਿਆਨੀ ਹਰਪ੍ਰੀਤ ਸਿੰਘ
ਕੇਂਦਰ ਸਰਕਾਰ ਦਾ ਨਵਾਂ ਮਨਰੇਗਾ ਕਾਨੂੰਨ ਮਜ਼ਦੂਰਾਂ ਦੇ ਚੁੱਲ੍ਹੇ ‘ਤੇ ਠੰਡਾ ਪਾਣੀ ਪਾਉਣ ਵਾਂਗ ਹੈ: ਗਿਆਨੀ ਹਰਪ੍ਰੀਤ ਸਿੰਘ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਅਹਿਮ ਮੀਟਿੰਗ ਤੋਂ ਬਾਅਦ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਅਕਾਲੀ ਦਲ (ਬਾਦਲ) ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਪੰਜਾਬ ਅਤੇ ਪੰਥ ਦੇ ਮਸਲਿਆਂ ਨੂੰ ਲੈ ਕੇ ਪਿੰਡਾਂ ਦੀਆਂ ਸੱਥਾਂ ਤੱਕ ਜਾਵੇਗੀ ਅਤੇ ਇੱਕ ਵੱਡਾ ਸੰਘਰਸ਼ ਵਿੱਢੇਗੀ।
ਇਹ ਵੀ ਪੜ੍ਹੋ- ਜੇਕਰ ਸੁਖਬੀਰ ਬਾਦਲ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਹਨ, ਤਾਂ ਮੈਂ ਵੀ ਅਸਤੀਫਾ ਦੇਣ ਲਈ ਤਿਆਰ ਹਾਂ: ਗਿਆਨੀ ਹਰਪ੍ਰੀਤ ਸਿੰਘ
ਮਨਰੇਗਾ ਅਤੇ ਕੇਂਦਰ ਦੀਆਂ ਨੀਤੀਆਂ ਦਾ ਵਿਰੋਧ
ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਵੱਲੋਂ ਮਨਰੇਗਾ ਸਕੀਮ ਵਿੱਚ ਕੀਤੇ ਬਦਲਾਅ ਨੂੰ ‘ਮਜ਼ਦੂਰ ਮਾਰੂ’ ਦੱਸਦਿਆਂ ਕਿਹਾ ਕਿ ਇਸ ਨਾਲ ਪੰਜਾਬ ਦੇ ਗਰੀਬ ਮਜ਼ਦੂਰਾਂ ‘ਤੇ ਵੱਡੀ ਗਾਜ ਡਿੱਗੇਗੀ। ਉਨ੍ਹਾਂ ਕਿਹਾ, “ਕੇਂਦਰ ਨੇ ਮਜ਼ਦੂਰਾਂ ਦੇ ਚੁਲ੍ਹਿਆਂ ‘ਤੇ ਠੰਡਾ ਪਾਣੀ ਪਾਉਣ ਦਾ ਕੰਮ ਕੀਤਾ ਹੈ। ਚਾਹੇ ਬਿਜਲੀ ਸੋਧ ਬਿੱਲ ਹੋਵੇ ਜਾਂ ਲੈਂਡ ਪੂਲਿੰਗ ਐਕਟ, ਕੇਂਦਰ ਲਗਾਤਾਰ ਪੰਜਾਬ ਦਾ ਨੁਕਸਾਨ ਕਰ ਰਿਹਾ ਹੈ, ਪਰ ਪੰਜਾਬ ਸਰਕਾਰ ਚੁੱਪ ਬੈਠੀ ਹੈ।” ਉਨ੍ਹਾਂ ਮੱਤੇਵਾੜਾ ਦੇ ਜੰਗਲਾਂ ਦੇ ਮੁੱਦੇ ਨੂੰ ਵੀ ਗੰਭੀਰਤਾ ਨਾਲ ਚੁੱਕਿਆ।
ਪਾਵਨ ਸਰੂਪਾਂ ਦਾ ਮਾਮਲਾ ਅਤੇ ਕੋਹਲੀ ਦੀ ਗ੍ਰਿਫਤਾਰੀ
ਸਤਿੰਦਰ ਸਿੰਘ ਕੋਹਲੀ ਦੀ ਗ੍ਰਿਫਤਾਰੀ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਖੁਦ ਇਸ ਜਾਂਚ ਨਾਲ ਜੁੜੇ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ SGPC ਕੋਹਲੀ ਨੂੰ ਬਚਾਉਣਾ ਚਾਹੁੰਦੀ ਸੀ, ਇਸੇ ਲਈ ਪਹਿਲਾਂ ਜਾਂਚ ਤੋਂ ਯੂ-ਟਰਨ ਲਿਆ ਗਿਆ। ਉਨ੍ਹਾਂ ਕਿਹਾ ਕਿ ਕੋਹਲੀ ਦੀ ਜ਼ਿੰਮੇਵਾਰੀ ਸਰੂਪਾਂ ਦੀ ਚੈਕਿੰਗ ਕਰਨ ਦੀ ਸੀ, ਜਿਸ ਵਿੱਚ ਉਹ ਨਾਕਾਮ ਰਿਹਾ। ਉਨ੍ਹਾਂ ਸਪੱਸ਼ਟ ਕੀਤਾ ਕਿ SGPC ਨੂੰ ਆਪਣੇ ਮਾਮਲਿਆਂ ਵਿੱਚ ਸਰਕਾਰੀ ਦਖਲਅੰਦਾਜ਼ੀ ਦਾ ਮੌਕਾ ਨਹੀਂ ਦੇਣਾ ਚਾਹੀਦਾ ਸੀ, ਪਰ ਇਹ ਸਿਲਸਿਲਾ ਬਾਦਲ ਸਰਕਾਰ ਵੇਲੇ ਤੋਂ ਸ਼ੁਰੂ ਹੋਇਆ।
ਪੰਥਕ ਏਕਤਾ ਅਤੇ ਅਹੁਦਿਆਂ ਦਾ ਤਿਆਗ
ਪੰਥਕ ਏਕਤਾ ਦੇ ਸਵਾਲ ‘ਤੇ ਗਿਆਨੀ ਹਰਪ੍ਰੀਤ ਸਿੰਘ ਨੇ ਵੱਡੀ ਪੇਸ਼ਕਸ਼ ਕਰਦਿਆਂ ਕਿਹਾ, “ਜੇਕਰ ਸੁਖਬੀਰ ਸਿੰਘ ਬਾਦਲ ਅੱਜ ਪ੍ਰਧਾਨਗੀ ਛੱਡ ਦੇਣ, ਤਾਂ ਮੈਂ ਵੀ ਆਪਣਾ ਅਹੁਦਾ ਛੱਡਣ ਨੂੰ ਤਿਆਰ ਹਾਂ।” ਉਨ੍ਹਾਂ ਅਕਾਲੀ ਦਲ (ਬਾਦਲ) ਦੇ IT ਵਿੰਗ ‘ਤੇ ਅਫਵਾਹਾਂ ਫੈਲਾਉਣ ਦਾ ਦੋਸ਼ ਵੀ ਲਾਇਆ।
ਮਨਪ੍ਰੀਤ ਸਿੰਘ ਇਆਲੀ ਦਾ ਸਟੈਂਡ
ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਉਹ ਕਿਸੇ ਧੜੇਬਾਜ਼ੀ ਵਿੱਚ ਨਹੀਂ ਹਨ, ਸਗੋਂ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ‘ਤੇ ਪਹਿਰਾ ਦੇ ਰਹੇ ਹਨ। ਉਨ੍ਹਾਂ ਕਿਹਾ, “ਅਸੀਂ ਪੰਜਾਬ ਦੇ ਭਲੇ ਲਈ ਇਕੱਠੇ ਹੋਏ ਹਾਂ, ਸਾਨੂੰ ਅਹੁਦਿਆਂ ਦਾ ਕੋਈ ਲਾਲਚ ਨਹੀਂ। ਜੇਕਰ ਸਾਰੇ ਆਗੂ ਅਹੁਦੇ ਤਿਆਗ ਦੇਣ ਤਾਂ ਅੱਜ ਵੀ ਏਕਤਾ ਹੋ ਸਕਦੀ ਹੈ।”
ਇਹ ਵੀ ਪੜ੍ਹੋ- ਡੀਆਈਜੀ ਹਰਚਰਨ ਭੁੱਲਰ ਦੀ ਜ਼ਮਾਨਤ ਅਰਜ਼ੀ ‘ਤੇ ਹੋਈ ਸੁਣਵਾਈ, ਸੀਬੀਆਈ ਨੇ ਅਦਾਲਤ ਵਿੱਚ ਦਾਇਰ ਕੀਤਾ ਜਵਾਬ
ਪਾਰਟੀ ਦੀ ਰਜਿਸਟ੍ਰੇਸ਼ਨ ਅਤੇ ਭਵਿੱਖ
ਬੈਠਕ ਵਿੱਚ ਦੱਸਿਆ ਗਿਆ ਕਿ ਪਾਰਟੀ ਦੀ ਰਜਿਸਟ੍ਰੇਸ਼ਨ ਦੀ ਕਾਗਜ਼ੀ ਕਾਰਵਾਈ ਲਗਭਗ ਮੁਕੰਮਲ ਹੈ ਅਤੇ ਅਗਲੇ 10 ਦਿਨਾਂ ਵਿੱਚ ਪਾਰਟੀ ਰਜਿਸਟਰਡ ਹੋ ਸਕਦੀ ਹੈ। ਜਲਦੀ ਹੀ ਪਾਰਟੀ ਦੀ ਪੋਲੀਟੀਕਲ ਅਫੇਅਰਜ਼ ਕਮੇਟੀ (PAC) ਦਾ ਗਠਨ ਵੀ ਕੀਤਾ ਜਾਵੇਗਾ।
–(ਬਾਬੂਸ਼ਾਹੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


