ਜੰਮੂ-ਕਸ਼ਮੀਰ ਦੇ ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਵਿਤਕਰਾ ਨਾ ਕੀਤਾ ਜਾਵੇ- ਸੁਖਬੀਰ ਬਾਦਲ
ਚੰਡੀਗੜ੍ਹ, 26 ਜੁਲਾਈ (ਨਿਊਜ 18)- ਕਸ਼ਮੀਰ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਬਾਰੇ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ। ਬਾਦਲ ਨੇ ਮੰਗ ਕੀਤੀ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਦੋ ਸੀਟਾਂ ਸਿੱਖ ਭਾਈਚਾਰੇ ਲਈ ਵੀ ਉਸੇ ਤਰੀਕੇ ਰਾਖਵੀਂਆਂ ਹੋਣੀਆਂ ਚਾਹੀਦੀਆਂ ਹਨ ਜਿਵੇਂ ਕਸ਼ਮੀਰੀ ਪੰਡਤਾਂ ਲਈ ਦੋ ਸੀਟਾਂ ਅਤੇ ਇੱਕ ਸੀਟ ਮਕਬੂਜ਼ਾ ਕਸ਼ਮੀਰ ਦੇ ਰਫਿਊਜੀਆਂ ਵਾਸਤੇ ਯੂ ਟੀ ਜੰਮੂ ਅਤੇ ਕਸ਼ਮੀਰ ਪੁਨਰਗਠਨ ਬਿੱਲ ਵਿੱਚ ਰਾਖਵੀਂਆਂ ਕਰਨ ਦੀ ਤਜਵੀਜ਼ ਹੈ ਜਿਸ ’ਤੇ ਸੰਸਦ ਦੇ ਚਲ ਰਹੇ ਸੈਸ਼ਨ ਵਿੱਚ ਚਰਚਾ ਹੋਣ ਦੀ ਸੰਭਾਵਨਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਸਿੱਖ ਭਾਈਚਾਰੇ ਦੇ ਨਾਲ ਨਾਲ 1947 ਵਿੱਚ ਮਕਬੂਜ਼ਾ ਕਸ਼ਮੀਰ ਵਿੱਚੋਂ ਉਜੜੇ ਲੋਕਾਂ ਦੀ ਜਥੇਬੰਦੀ ਮੂਵਮੈਂਟ ਫਾਰ ਜਸਟਿਸ ਫਾਰ ਰਫਿਊਜੀਜ਼ ਆਫ 1947 ਤੋਂ ਮੰਗ ਪੱਤਰ ਪ੍ਰਾਪਤ ਹੋਏ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਇਹ ਮੰਨਣਾ ਹੈ ਕਿ ਇਕ ਸੀਟ ਜੰਮੂ ਵਿਚ ਸਿੱਖਾਂ ਵਾਸਤੇ ਜੰਮੂ ਅਤੇ ਕਸ਼ਮੀਰ ਖਿੱਤੇ ਵਿਚ ਰਾਖਵੀਂ ਹੋਣੀ ਚਾਹੀਦੀ ਹੈ ਜਦੋਂ ਕਿ ਇਕ ਸੀਟ ਸਿੱਖਾਂ ਸਮੇਤ ਉਹਨਾਂ ਵਾਸਤੇ ਰਾਖਵੀਂ ਹੋਣੀ ਚਾਹੀਦੀ ਹੈ ਜੋ 1947 ਵਿਚ ਜੰਮੂ-ਕਸ਼ਮੀਰ ਦੇ ਮਕਬੂਜ਼ਾ ਕਸ਼ਮੀਰ ਵਾਲੇ ਹਿੱਸੇ ਤੋਂ ਉਜੜ ਕੇ ਆਏ ਸਨ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੋਰ ਫਿਰਕਿਆਂ ਲਈ ਸੀਟਾਂ ਰਾਖਵੀਂਆਂ ਕਰਦਿਆਂ ਜੰਮੂ-ਕਸ਼ਮੀਰ ਵਿਚ ਸਿੱਖ ਘੱਟ ਗਿਣਤੀ ਭਾਈਚਾਰੇ ਨੂੰ ਅਣਡਿੱਠ ਕਰਨਾ ਸਿੱਖ ਕੌਮ ਨਾਲ ਬਹੁਤ ਵੱਡਾ ਅਨਿਆਂ ਹੋਵੇਗਾ। ਉਹਨਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਸਿੱਖਾਂ ਦੀ ਆਬਾਦੀ ਵੀ ਉਨੀ ਹੀਹੈ ਜਿੰਨੀ ਕਸ਼ਮੀਰੀ ਪੰਡਤਾਂ ਦੀ ਹੈ ਤੇ ਉਹਨਾਂ ਨੇ ਵੀ 1947 ਵਿਚ ਵੱਡੀਆਂ ਮੁਸ਼ਕਿਲਾਂ ਝੱਲੀਆਂ ਹਨ। ਉਹਨਾਂ ਕਿਹਾ ਕਿ ਸਿੱਖ ਕੌਮ ਨੇ ਤਾਂ ਦੇਸ਼ ਦੀ ਏਕਤਾ ਤੇ ਅਖੰਡਤੀ ਦੀ ਰਾਖੀ ਵਾਸਤੇ ਸ਼ਹਾਦਤਾਂ ਵੀ ਦਿੱਤੀਆਂ ਹਨ ਤੇ 1947 ਵਿਚ ਪਾਕਿਤਸਾਨੀ ਹਮਲੇ ਦਾ ਵਿਰੋਧ ਵੀ ਕੀਤਾ ਹੈ ਜਿਸ ਵਿਚ 200 ਤੋਂ ਵੱਧ ਜਾਨਾਂ ਕੁਰਬਾਨ ਹੋਈਆਂ ਹਨ ਤੇ ਇਕੱਲੀਆਂ 36 ਜਾਨਾਂ ਚਿੱਟੀਸਿੰਘਪੁਰਾ ਵਿਚ ਕੁਰਬਾਨ ਹੋਈਆਂ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਜੰਮੂ-ਕਸ਼ਮੀਰ ਡਟੀ ਰਹੀ ਹੈ ਜਦੋਂ ਕਿ ਹੋਰ ਫਿਰਕੇ ਇਥੋਂ ਹਿਜ਼ਰਤ ਕਰ ਗਏ ਹਨ। ਉਹਨਾਂ ਕਿਹਾ ਕਿ ਜਿਹੜੀ ਕੌਮ ਨੇ ਤਸੀਹੇ ਝੱਲਣ ਦੇ ਬਾਵਜੂਦ ਵੀ ਗੜ੍ਹਬੜ੍ਹ ਗ੍ਰਸਤ ਸੂਬੇ ਵਿਚ ਰਾਸ਼ਟਰਵਾਦ ਦਾ ਝੰਡਾ ਬੁਲੰਦ ਰੱਖਿਆ ਨਾਲ ਮਤਰੇਈ ਮਾਂ ਵਾਲਾ ਸਲੂਕ ਨਹੀਂ ਹੋਣਾ ਚਾਹੀਦਾ।
ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਇਕੱਲੇ ਜੰਮੂ ਖਿੱਤੇ ਵਿਚ 3 ਲੱਖ ਸਿੱਖ ਰਹਿੰਦੇ ਹਨ ਜੋ 1947 ਵਿਚ ਮਕਬੂਜ਼ਾ ਕਸ਼ਮੀਰ ਤੋਂ ਉਜੜ ਕੇ ਆਏ ਹਨ ਤੇ ਇਹਨਾਂ ਨੂੰ ਇਹਨਾਂ ਦੀ ਆਬਾਦੀ ਦੇ ਲਿਹਾਜ਼ ਨਾਲ ਵਿਧਾਨ ਸਭਾ ਵਿਚ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ। ਉਹਨਾਂ ਕਿਹਾਕਿ ਇਹਨਾਂ ਉਜੜੇ ਸਿੱਖਾਂ ਨੇ ਪਾਕਿਸਤਾਨ ਦੇ ਕਬਾਇਲੀਆਂ ਤੋਂ ਹਮਲਿਆਂ ਦਾ ਸਾਹਮਣਾ ਕੀਤਾ ਤੇ ਪਿਛਲੇ 7 ਦਹਾਕਿਆਂ ਵਿਚ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਜਿਹਨਾਂ ਨੂੰ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ।