ਝੋਨੇ ਦੀ ਸਿੱਧੀ ਬਿਜਾਈ ਅਤੇ ਲੁਆਈ ਸਬੰਧੀ ਨਵੀਆਂ ਤਰੀਕਾਂ ਦਾ ਐਲਾਨ
ਫ਼ਰੀਦਕੋਟ 16 ਮਈ (ਪੰਜਾਬ ਡਾਇਰੀ)- ਦਿਨੋਂ-ਦਿਨ ਡੂੰਘੇ ਜਾ ਰਹੇ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਅਤੇ ਖੇਤੀ ਖਰਚਾ ਘਟਾ ਕੇ ਵਧੇਰੇ ਮੁਨਾਫੇ ਲਈ ਪੰਜਾਬ ਸਰਕਾਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਅਤੇ ਵੱਖ-ਵੱਖ ਜਿਲ੍ਹਿਆਂ ਵਿੱਚ ਕੱਦੂ ਵਿਧੀ ਰਾਹੀਂ ਝੋਨੇ ਦੀ ਲੁਆਈ ਲਈ ਨਵੀਆਂ ਤਾਰੀਕਾਂ ਦਾ ਐਲਾਨ ਕੀਤਾ ਗਿਆ ਹੈ। ਮੁੱਖ ਖੇਤੀਬਾੜੀ ਅਫਸਰ ਫਰੀਦੋਕਟ ਡਾ. ਕਰਨਜੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਐਲਾਨ ਖੁਦ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵੱਲੋਂ ਕੀਤਾ ਗਿਆ ਹੈ ਅਤੇ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਸਾਰੇ ਪੰਜਾਬ ਲਈ 20 ਮਈ ਦੀ ਤਾਰੀਕ ਨਿਸਚਿਤ ਕੀਤੀ ਗਈ ਹੈ, ਜਦਕਿ ਝੋਨੇ ਦੀ ਲੁਆਈ ਲਈ ਪੰਜਾਬ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ। ਜਿਸ ਵਿੱਚ ਜਿਲ੍ਹਾ ਫਰੀਦਕੋਟ ਲਈ ਝੋਨੇ ਦੀ ਲੁਆਈ ਲਈ 16 ਜੂਨ ਦੀ ਤਰੀਕ ਨਿਸ਼ਚਿਤ ਕੀਤੀ ਗਈ ਹੈ ਅਤੇ ਇਸ ਮਿਤੀ ਤੋਂ 8 ਘੰਟੇ ਬਿਜਲੀ ਨਿਰ-ਵਿਘਨ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਪਨੀਰੀ ਦੀ ਬਿਜਾਈ, ਝੋਨੇ ਦੀ ਲੁਆਈ ਲਈ ਮਿਥੀਆਂ ਗਈਆਂ ਤਾਰੀਕਾਂ ਅਨੁਸਾਰ ਹੀ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਸਰਕਾਰ ਵੱਲੋਂ ਪਾਣੀ ਦੀ ਬੱਚਤ ਨੂੰ ਮੁੱਖ ਰੱਖਦਿਆਂ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਲਈ ਜਿਲ੍ਹਾ ਵਾਰ ਟੀਚੇ ਦਿੱਤੇ ਗਏ ਹਨ, ਜਿਸ ਅਨੁਸਾਰ ਫਰੀਦਕੋਟ ਜਿਲ੍ਹੇ ਦਾ ਟੀਚਾ 25130 ਏਕੜ ਹੈ। ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500/- ਰੁਪਏ ਪ੍ਰਤੀ ਏਕੜ ਉਤਸ਼ਾਹਿਤ ਰਕਮ ਵੀ ਦਿੱਤੀ ਜਾਵੇਗੀ। ਸੋ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਆਪਣੀ ਰਜਿਸਟ੍ਰੇਸ਼ਨ ਡੀ.ਐੱਸ.ਆਰ ਪੋਰਟਲ ਤੇ ਕਰਵਾ ਲੈਣ। ਹੋਰ ਕਿਸੇ ਵੀ ਜਾਣਕਾਰੀ ਲਈ ਸਬੰਧਤ ਬਲਾਕ ਅਫਸਰ/ਖੇਤੀਬਾੜੀ ਅਧਿਕਾਰੀ ਨਾਲ ਰਾਬਤਾ ਕੀਤਾ ਜਾ ਸਕਦਾ ਹੈ।