ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕੈਂਪ ਲਗਾਇਆ
ਫਰੀਦਕੋਟ, 2 ਜੂਨ (ਪੰਜਾਬ ਡਾਇਰੀ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫਰੀਦਕੋਟ ਵੱਲੋਂ ਪਿੰਡ ਦਾਨਾ ਰੋਮਾਣਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਅਤੇ ਸਾਉਣੀ ਦੀਆਂ ਫਸਲਾਂ ਦੀ ਸੁਚੱਜੀ ਕਾਸ਼ਤ ਕਰਨ ਸਬੰਧੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲਗਭਗ 60 ਅਗਾਂਹਵਧੂ ਕਿਸਾਨਾਂ ਨੇ ਹਿੱਸਾ ਲਿਆ।
ਇਸ ਕੈਂਪ ਵਿੱਚ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਵੱਲੋਂ ਵਿਸ਼ੇਸ ਤੌਰ ਤੇ ਸਿਰਕਤ ਕਰਕੇ ਕਿਸਾਨਾਂ ਨੂੰ ਜਿਲ੍ਹੇ ਵਿੱਚ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਪਾਣੀ ਦੀ ਬੱਚਤ ਕਰਨ ਅਤੇ ਵਧੇਰੇ ਲਾਭ ਲੈਣ ਲਈ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ, ਨਰਮੇ ਹੇਠ ਰਕਬਾ ਵਧਾਇਆ ਜਾਵੇ, ਮੋਟੇ ਅਨਾਜਾਂ ਦੀ ਕਾਸ਼ਤ ਵੀ ਸ਼ੁਰੂ ਕੀਤੀ ਜਾਵੇ, ਪਰਾਲੀ ਨੂੰ ਅੱਗ ਲਾ ਲਾਈ ਜਾਵੇ ਅਤੇ ਇਫਕੋ ਦੀ ਨੈਨੋ ਯੂਰੀਆ ਅਤੇ ਨੈਨੋ ਡੀ.ਏ.ਪੀ. ਵਰਤੀਆਂ ਜਾਣ।
ਕੈਂਪ ਵਿੱਚ ਡਾ. ਕੁਲਵੰਤ ਸਿੰਘ ਭੌਂ ਪਰਖ ਅਫਸਰ ਫਰੀਦਕੋਟ ਵੱਲੋਂ ਕਿਸਾਨਾਂ ਨੂੰ ਭੋਂ ਪਰਖ ਅਤੇ ਪਾਣੀ ਦੀ ਪਰਖ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਮਿੱਟੀ ਟੈਸਟ ਕਰਵਾਉਣ ਦਾ ਸਮਾਂ ਹੈ। ਟੈਸਟ ਰਿਪੋਰਟ ਦੇ ਅਧਾਰ ਤੇ ਹੀ ਖਾਦਾਂ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਡਾ. ਯਾਦਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਸਾਉਣੀ ਦੀਆਂ ਫਸਲਾਂ ਦੀ ਸਫਲ ਕਾਸ਼ਤ ਬਾਰੇ ਦੱਸਦਿਆਂ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਨੁਕਤੇ ਸਾਂਝੇ ਕੀਤੇ । ਉਹਨਾਂ ਝੋਨੇ/ਬਾਸਮਤੀ ਦੀ ਸਿਫਾਰਸ਼ ਕਿਸਮਾਂ ਅਤੇ ਸੁਧਰੇ ਕਾਸ਼ਤਕਾਰੀ ਢੰਗਾਂ ਬਾਰੇ ਦੱਸਿਆ। ਸਰਕਲ ਇੰਚਾਰਜ ਡਾ. ਰਣਬੀਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਵੱਲੋਂ ਮਿੱਟੀ ਸਿਹਤ ਕਾਰਡ, ਪੀ.ਐਮ. ਕਿਸਾਨ ਯੋਜਨਾ ਅਤੇ ਨਰਮੇਂ ਦੀ ਕਾਸ਼ਤ ਸਬੰਧੀ ਗੱਲਬਾਤ ਕੀਤੀ। ਇਸ ਕੈਂਪ ਵਿੱਚ ਕਿਸਾਨਾਂ ਵੱਲੋਂ ਵੱਧ ਚੜ੍ਹ ਕੇ ਭਾਗ ਲਿਆ ਗਿਆ। ਕੈਂਪ ਵਿੱਚ ਭੂਮੀ ਰੱਖਿਆ ਵਿਭਾਗ ਤੋਂ ਸ੍ਰੀ ਪੇਸ਼ ਕੁਮਾਰ, ਇਫਕੋ ਫਰੀਦਕੋਟ ਤੋਂ ਸ੍ਰੀ ਸ਼ਾਮ ਸੁੰਦਰ ਵੱਲੋਂ ਸ਼ਮੂਲੀਅਤ ਕਰਕੇ ਜਮੀਨ ਹੇਠਲੀਆਂ ਪਾਈਪਾਂ ਬਾਰੇ ਅਤੇ ਨੈਨੋ ਯੂਰੀਆ/ਡੀ.ਏ.ਪੀ. ਬਾਰੇ ਜਾਣਕਾਰੀ ਦਿੱਤੀ।