ਟਾਵਰ ‘ਤੇ ਚੜ੍ਹੇ ਪਿਤਾ-ਪੁੱਤ 55 ਘੰਟਿਆਂ ਬਾਅਦ ਉਤਰੇ, ਪੁਲਿਸ ਦੇ ਭਰੋਸੇ ‘ਤੇ ਮੰਨੀ ਗੱਲ
ਜ਼ਿਲ੍ਹੇ ਦੇ ਘੁਮਾਣ ਇਲਾਕੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਪਿੰਡ ਸੈਰੋਵਾਲ ਦੇ ਰਹਿਣ ਵਾਲੇ ਪਿਤਾ-ਪੁੱਤ ਆਪਣੀਆਂ ਮੰਗਾਂ ਮਨਵਾਉਣ ਲਈ ਕਰੀਬ 200 ਫੁੱਟ ਉੱਚੇ ਹਾਈ ਵੋਲਟੇਜ ਟਾਵਰ ‘ਤੇ ਚੜ੍ਹ ਗਏ।

ਗੁਰਦਾਸਪੁਰ – ਜ਼ਿਲ੍ਹੇ ਦੇ ਘੁਮਾਣ ਇਲਾਕੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਪਿੰਡ ਸੈਰੋਵਾਲ ਦੇ ਰਹਿਣ ਵਾਲੇ ਪਿਤਾ-ਪੁੱਤ ਆਪਣੀਆਂ ਮੰਗਾਂ ਮਨਵਾਉਣ ਲਈ ਕਰੀਬ 200 ਫੁੱਟ ਉੱਚੇ ਹਾਈ ਵੋਲਟੇਜ ਟਾਵਰ ‘ਤੇ ਚੜ੍ਹ ਗਏ। ਦੋਵੇਂ ਬੁੱਧਵਾਰ ਸਵੇਰੇ ਲਗਭਗ 9 ਵਜੇ ਟਾਵਰ ‘ਤੇ ਚੜ੍ਹੇ ਸਨ ਅਤੇ ਲਗਾਤਾਰ 55 ਘੰਟਿਆਂ ਤੱਕ ਉੱਥੇ ਡਟੇ ਰਹੇ।
ਪੁਲਿਸ ਅਤੇ ਸਥਾਨਕ ਲੋਕਾਂ ਵੱਲੋਂ ਕਈ ਵਾਰ ਮਨਾਉਣ ਦੇ ਬਾਵਜੂਦ ਵੀ ਉਹ ਹੇਠਾਂ ਨਹੀਂ ਉਤਰੇ। ਆਖਿਰਕਾਰ ਡੀਐਸਪੀ ਵੱਲੋਂ ਭਰੋਸਾ ਦੇਣ ‘ਤੇ ਪਿਤਾ-ਪੁੱਤ ਟਾਵਰ ਤੋਂ ਥੱਲੇ ਆ ਗਏ। ਉਨ੍ਹਾਂ ਦੀ ਪਛਾਣ ਹਰਮਨ ਸਿੰਘ ਅਤੇ ਉਸਦੇ ਪਿਤਾ ਹਰਦੇਵ ਸਿੰਘ ਵਜੋਂ ਹੋਈ ਹੈ।
15 ਦਿਨਾਂ ਵਿੱਚ ਹੱਲ ਦਾ ਭਰੋਸਾ
ਡੀਐਸਪੀ ਟੀਪੀ ਸਿੰਘ ਨੇ ਦੋਵਾਂ ਨੂੰ ਯਕੀਨ ਦਵਾਇਆ ਕਿ ਉਨ੍ਹਾਂ ਦੇ ਮਾਮਲੇ ਦੀ ਜਾਂਚ ਕਰਕੇ 15 ਦਿਨਾਂ ਦੇ ਅੰਦਰ ਹੱਲ ਕੀਤਾ ਜਾਵੇਗਾ। ਇਸ ਭਰੋਸੇ ਤੋਂ ਬਾਅਦ ਹੀ ਦੋਵੇਂ ਟਾਵਰ ਤੋਂ ਉਤਰਣ ਲਈ ਤਿਆਰ ਹੋਏ। ਦੂਜੇ ਪਾਸੇ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਅਤੇ ਹਰਵਿੰਦਰ ਸਿੰਘ ਮੱਲੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਨਿਰਧਾਰਿਤ ਸਮੇਂ ਵਿੱਚ ਇਨਸਾਫ ਨਾ ਮਿਲਿਆ ਤਾਂ ਵੱਖ-ਵੱਖ ਸੰਗਠਨਾਂ ਨਾਲ ਮਿਲ ਕੇ ਵੱਡਾ ਸੰਘਰਸ਼ ਕੀਤਾ ਜਾਵੇਗਾ।
ਟਾਵਰ ‘ਤੇ ਚੜ੍ਹਨ ਦੀ ਵਜ੍ਹਾ
ਹਰਦੇਵ ਸਿੰਘ ਨੇ ਦੱਸਿਆ ਕਿ 2021 ਵਿੱਚ ਕੁਝ ਲੋਕਾਂ ਵੱਲੋਂ ਉਸਦੇ ਪੁੱਤਰ ‘ਤੇ ਘਾਤਕ ਹਮਲਾ ਕੀਤਾ ਗਿਆ ਸੀ, ਜਦੋਂ ਉਹ ਘੁਮਾਣ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੇਪਰ ਦੇ ਰਿਹਾ ਸੀ। ਹਾਲ ਹੀ ਵਿੱਚ ਮੁਲਜ਼ਮ ਜ਼ਮਾਨਤ ‘ਤੇ ਬਾਹਰ ਆ ਗਏ ਹਨ ਅਤੇ ਉਨ੍ਹਾਂ ਨੂੰ ਤੰਗ ਕਰ ਰਹੇ ਹਨ।
ਉਨ੍ਹਾਂ ਦਾ ਇਹ ਵੀ ਦੋਸ਼ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਝੂਠਾ ਕੇਸ ਦਰਜ ਕਰਕੇ ਪੁਲਿਸ ਵੱਲੋਂ ਛਾਪੇ ਮਾਰੇ ਗਏ ਅਤੇ ਉਸਦੇ ਛੋਟੇ ਪੁੱਤਰ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਸਥਿਤੀ ਕਾਰਨ ਹੀ ਉਹ ਮਜਬੂਰੀ ਵਿੱਚ ਟਾਵਰ ‘ਤੇ ਚੜ੍ਹ ਕੇ ਆਪਣੀ ਆਵਾਜ਼ ਉਠਾਉਣ ਲਈ ਮਜਬੂਰ ਹੋਏ।
-(ਏਬੀਪੀ ਸਾਂਝਾ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


