ਟੀਐਮਸੀ ਨੇ ਈਵੀਐਮ ’ਤੇ ਭਾਜਪਾ ਦਾ ‘ਟੈਗ’ ਲੱਗਣ ਦਾ ਦਾਅਵਾ ਕੀਤਾ; ਚੋਣ ਕਮਿਸ਼ਨ ਨੇ ਦਿਤਾ ਜਵਾਬ
ਦਿੱਲੀ, 25 ਮਈ (ਰੋਜਾਨਾ ਸਪੋਕਸਮੈਨ)- ਚੋਣ ਕਮਿਸ਼ਨ ਨੇ ਤ੍ਰਿਣਮੂਲ ਕਾਂਗਰਸ ਵਲੋਂ ਈਵੀਐਮ ਵਿਚ ‘ਭਾਜਪਾ ਦਾ ਟੈਗ’ ਲਗਾਏ ਜਾਣ ਦੇ ਇਲਜ਼ਾਮਾਂ ਦਾ ਜਵਾਬ ਦਿਤਾ ਹੈ। ਛੇਵੇਂ ਗੇੜ ਦੀ ਵੋਟਿੰਗ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ, ਤ੍ਰਿਣਮੂਲ ਕਾਂਗਰਸ ਨੇ ਕੁੱਝ ਤਸਵੀਰਾਂ ਟਵੀਟ ਕੀਤੀਆਂ ਸਨ ਅਤੇ ਦਾਅਵਾ ਕੀਤਾ ਸੀ ਕਿ ਰਘੁਨਾਥਪੁਰ, ਬਾਂਕੁਰਾ ਵਿਚ ਪੰਜ ਈਵੀਐਮ ‘ਤੇ ਭਾਜਪਾ ਦੇ ਟੈਗ ਪਾਏ ਗਏ ਹਨ।
ਟੀਐਮਸੀ ਨੇ ਚੋਣ ਕਮਿਸ਼ਨ ਤੋਂ ਇਸ ‘ਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਇਸ ਟਵੀਟ ਦੇ ਜਵਾਬ ‘ਚ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਕਮਿਸ਼ਨਿੰਗ ਦੌਰਾਨ ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਦੇ ਦਸਤਖਤ ਸਾਂਝੇ ਐਡਰੈੱਸ ਟੈਗ ‘ਤੇ ਹੁੰਦੇ ਹਨ। ਕਿਉਂਕਿ ਕਮਿਸ਼ਨਿੰਗ ਹਾਲ ਵਿਚ ਸਿਰਫ਼ ਭਾਜਪਾ ਦੇ ਨੁਮਾਇੰਦੇ ਮੌਜੂਦ ਸਨ, ਇਸ ਲਈ ਈਵੀਐਮ ਅਤੇ ਵੀਵੀਪੀਏਟੀ ਨੂੰ ਚਾਲੂ ਕਰਨ ਵੇਲੇ ਉਨ੍ਹਾਂ ਦੇ ਦਸਤਖ਼ਤ ਲਏ ਗਏ ਸਨ।
ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ ਵੋਟਿੰਗ ਦੌਰਾਨ ਬੂਥ ‘ਤੇ ਮੌਜੂਦ ਸਾਰੇ ਏਜੰਟਾਂ ਦੇ ਦਸਤਖਤ ਲਏ ਗਏ ਸਨ। ਇਸ ਦੌਰਾਨ ਚੋਣ ਕਮਿਸ਼ਨ ਦੇ ਸਾਰੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ ਹੈ ਅਤੇ ਇਹ ਪੂਰੀ ਤਰ੍ਹਾਂ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਕੀਤਾ ਗਿਆ ਹੈ। ਇਸ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ। ਦੱਸ ਦੇਈਏ ਕਿ ਛੇਵੇਂ ਪੜਾਅ ਵਿਚ ਬੰਗਾਲ ਦੀਆਂ ਅੱਠ ਲੋਕ ਸਭਾ ਸੀਟਾਂ ਲਈ ਵੀ ਵੋਟਿੰਗ ਹੋ ਰਹੀ ਹੈ।